ਗਲਾਸਗੋ, 26 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ’ਚ ਭਾਰਤ ਦੀ ਮਹਿਲਾ ਲਾਅਨ ਬਾਲ ਜੋੜੀ ਰੂਪਾ ਰਾਣੀ ਟਿਰਕੀ ਤੇ ਪਿੰਕੀ ਸਿੰਘ ਦੀ ਅਜੇਤੂ ਮੁਹਿੰਮ ਨੂੰ ਐਤਵਾਰ ਨੂੰ ਨਾਮੀਬੀਆ ਨੇ ਰੋਕ ਦਿੱਤਾ। ਸੈਕਸ਼ਨ-ਬੀ ਦੇ ਰੋਮਾਂਚਕ ਮੁਕਾਬਲੇ ’ਚ ਨਾਮੀਬੀਆ ਦੀ ਅਮਾਂਡਾ ਸਟੀਨਕੈਂਪ ਤੇ ਡਾਇਨਾ ਵਿਲਜੋਇਨ ਨੇ ਟਾਈ-ਬ੍ਰੇਕਰ ’ਚ 3-0 ਨਾਲ ਜਿੱਤ ਦਰਜ ਕੀਤੀ। ਭਾਰਤੀ ਜੋੜੀ ਨੇ ਮੈਚ ਦੀ ਸ਼ੁਰੂਆਤ ਮਜ਼ਬੂਤ ਅੰਦਾਜ਼ ’ਚ ਕੀਤੀ, ਪਰ ਪਹਿਲਾ ਸੈੱਟ 5-7 ਨਾਲ ਗੁਆ ਦਿੱਤਾ। ਇਸ ਤੋਂ ਬਾਅਦ ਰੂਪਾ ਰਾਣੀ ਅਤੇ ਪਿੰਕੀ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜਾ ਸੈੱਟ 10-1 ਨਾਲ ਆਪਣੇ ਨਾਮ ਕੀਤਾ ਤੇ ਮੁਕਾਬਲੇ ਨੂੰ ਟਾਈ-ਬ੍ਰੇਕਰ ਤੱਕ ਪਹੁੰਚਾ ਦਿੱਤਾ। ਹਾਲਾਂਕਿ ਫੈਸਲਾਕੁਨ ਟਾਈ-ਬ੍ਰੇਕ ’ਚ ਨਾਮੀਬੀਆ ਦੀ ਜੋੜੀ ਨੇ ਬਿਹਤਰ ਖੇਡ ਦਿਖਾਉਂਦਿਆਂ 3-0 ਨਾਲ ਜਿੱਤ ਹਾਸਲ ਕਰ ਲਈ। ਇਹ ਟੂਰਨਾਮੈਂਟ ’ਚ ਭਾਰਤ ਦੀ ਮਹਿਲਾ ਜੋੜੀ ਦੀ ਪਹਿਲੀ ਹਾਰ ਹੈ। ਇਸ ਤੋਂ ਪਹਿਲਾਂ ਰੂਪਾ ਰਾਣੀ ਤਿਰਕੀ ਅਤੇ ਪਿੰਕੀ ਸਿੰਘ ਆਪਣੇ ਪਹਿਲੇ ਤਿੰਨ ਗਰੁੱਪ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਦੀ ਦੌੜ ’ਚ ਮਜ਼ਬੂਤੀ ਨਾਲ ਬਣੀਆਂ ਹੋਈਆਂ ਸਨ। ਇਸ ਹਾਰ ਦੇ ਬਾਵਜੂਦ ਭਾਰਤੀ ਜੋੜੀ ਕੋਲ ਅਗਲੇ ਦੌਰ ’ਚ ਥਾਂ ਬਣਾਉਣ ਦਾ ਮੌਕਾ ਅਜੇ ਵੀ ਬਰਕਰਾਰ ਹੈ।