ਦੱਖਣੀ ਆਸਟ੍ਰੇਲੀਆ ’ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚਿਤਾਵਨੀ
ਐਡੀਲੇਡ, 8 ਅਗਸਤ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ’ਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਦੇ ਤੇਵਰ ਤਿੱਖੇ ਰਹਿਣ ਦੀ ਸੰਭਾਵਨਾ ਹੈ। ਪੱਛਮ ਵੱਲੋਂ ਆ ਰਿਹਾ ਸ਼ਕਤੀਸ਼ਾਲੀ ਸਰਦੀਆਂ ਦਾ ਮੌਸਮੀ ਸਿਸਟਮ ਰਾਜ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ, ਗਰਜ-ਤੂਫ਼ਾਨ ਤੇ ਤੇਜ਼ ਹਵਾਵਾਂ ਲਿਆ ਸਕਦਾ ਹੈ।
ਐ
ਐਡੀਲੇਡ ਸਮੇਤ ਕਈ ਇਲਾਕਿਆਂ ’ਚ 50 ਮਿਲੀਮੀਟਰ ਤੋਂ ਵੱਧ ਮੀਂਹ ਦੀ ਸੰਭਾਵਨਾ
09-08-2026
ਐਡੀਲੇਡ, 8 ਅਗਸਤ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ’ਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਦੇ ਤੇਵਰ ਤਿੱਖੇ ਰਹਿਣ ਦੀ ਸੰਭਾਵਨਾ ਹੈ। ਪੱਛਮ ਵੱਲੋਂ ਆ ਰਿਹਾ ਸ਼ਕਤੀਸ਼ਾਲੀ ਸਰਦੀਆਂ ਦਾ ਮੌਸਮੀ ਸਿਸਟਮ ਰਾਜ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ, ਗਰਜ-ਤੂਫ਼ਾਨ ਤੇ ਤੇਜ਼ ਹਵਾਵਾਂ ਲਿਆ ਸਕਦਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਦੱਖਣੀ ਆਸਟ੍ਰੇਲੀਆ ਦੇ ਵੱਡੇ ਹਿੱਸੇ ’ਚ ਪੰਜ ਦਿਨਾਂ ਦੌਰਾਨ ਘੱਟੋ-ਘੱਟ 25 ਮਿਲੀਮੀਟਰ ਮੀਂਹ, ਜਦਕਿ ਦੱਖਣੀ ਤੱਟ ਤੇ ਪਹਾੜੀ ਇਲਾਕਿਆਂ ਸਮੇਤ ਐਡੀਲੇਡ ਦੇ ਆਲੇ-ਦੁਆਲੇ 50 ਮਿਲੀਮੀਟਰ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ’ਤੇ ਗਰਜ-ਤੂਫ਼ਾਨ ਨਾਲ ਥੋੜ੍ਹੇ ਸਮੇਂ ’ਚ ਭਾਰੀ ਮੀਂਹ ਵੀ ਪੈ ਸਕਦਾ ਹੈ। ਇਸ ਮੌਸਮੀ ਸਿਸਟਮ ਨਾਲ ਤੇਜ਼ ਪੱਛਮੀ ਹਵਾਵਾਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਐਤਵਾਰ ਨੂੰ ਐਡੀਲੇਡ ’ਚ ਦੁਪਹਿਰ ਤੋਂ ਬਾਅਦ ਲਗਭਗ 70 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਦੀਆਂ ਝੱਖੜਦਾਰ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਤੇਜ਼ ਹਵਾਵਾਂ ਕਾਰਨ ਦਰੱਖਤਾਂ ਦੇ ਡਿੱਗਣ ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਮੌਸਮੀ ਪ੍ਰਣਾਲੀ ਦੇ ਅੱਗੇ ਵਧਣ ਨਾਲ ਵਿਕਟੋਰੀਆ ਦੇ ਉੱਚੇ ਇਲਾਕਿਆਂ ’ਚ ਵੀ ਭਾਰੀ ਮੀਂਹ ਪੈ ਸਕਦਾ ਹੈ, ਸੰਭਾਵਨਾ ਕਾਰਨ ਕਈ ਕੈਚਮੈਂਟਾਂ ’ਚ ਹੜ੍ਹ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਮੀਂਹ ਕਿਸਾਨਾਂ ਲਈ ਰਾਹਤ ਲਿਆ ਸਕਦਾ ਹੈ, ਪਰ ਭਾਰੀ ਵਰਖਾ ਤੇ ਤੇਜ਼ ਹਵਾਵਾਂ ਕਾਰਨ ਸੜਕਾਂ ’ਤੇ ਪਾਣੀ ਭਰਨ, ਸਥਾਨਕ ਹੜ੍ਹਾਂ ਅਤੇ ਬਿਜਲੀ ਬੰਦ ਹੋਣ ਵਰਗੀਆਂ ਸਥਿਤੀਆਂ ਪੈਦਾ ਹੋਣ ਦਾ ਖ਼ਦਸ਼ਾ ਹੈ। ਲੋਕਾਂ ਨੂੰ ਮੌਸਮ ਵਿਭਾਗ ਦੀਆਂ ਤਾਜ਼ਾ ਚੇਤਾਵਨੀਆਂ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਗਈ ਹੈ।