ਲਾਂਗ ਆਈਲੈਂਡ ਦੇ ਘਰ ਦੀ ਬੇਸਮੈਂਟ ’ਚ 2 ਸਕੇ ਭਰਾਵਾਂ ਦੀਆਂ ਗੋਲੀਆਂ ਲੱਗੀਆਂ ਲਾਸ਼ਾਂ ਮਿਲੀਆਂ
ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਲਾਂਗ ਆਈਲੈਂਡ ਦੇ ਹੈਂਪਸਟੈੱਡ ਸਥਿਤ ਇੱਕ ਘਰ ਦੀ ਬੇਸਮੈਂਟ ਵਿੱਚ ਦੋ ਸਕੇ ਭਰਾ ਗੋਲੀਆਂ ਲੱਗਣ ਕਾਰਨ ਮ੍ਰਿਤਕ ਮਿਲੇ ਹਨ। ਇਸ ਰਹੱਸਮਈ ਘਟਨਾ ਨੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੂੰ ਸਦਮੇ ਵਿੱਚ ਪਾ ਦਿੱਤਾ ਹੈ।
ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਲਾਂਗ ਆਈਲੈਂਡ ਦੇ ਹੈਂਪਸਟੈੱਡ ਸਥਿਤ ਇੱਕ ਘਰ ਦੀ ਬੇਸਮੈਂਟ ਵਿੱਚ ਦੋ ਸਕੇ ਭਰਾ ਗੋਲੀਆਂ ਲੱਗਣ ਕਾਰਨ ਮ੍ਰਿਤਕ ਮਿਲੇ ਹਨ। ਇਸ ਰਹੱਸਮਈ ਘਟਨਾ ਨੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਪੁਲਿਸ ਮੁਤਾਬਕ ਬੁੱਧਵਾਰ ਸਵੇਰੇ ਕਰੀਬ 10:20 ਵਜੇ ਐਂਜਵਾਈਨ ਐਵੇਨਿਊ ਸਥਿਤ ਘਰ ਤੋਂ ਸੂਚਨਾ ਮਿਲੀ ਸੀ। ਮੌਕੇ ਉੱਤੇ ਪਹੁੰਚੇ ਅਧਿਕਾਰੀਆਂ ਨੂੰ ਬੇਸਮੈਂਟ ਵਿੱਚ ਬਣੇ ਘਰੇਲੂ ਦਫ਼ਤਰ ਅੰਦਰ ਦੋ ਮੱਧ-ਉਮਰ ਦੇ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਦੋਵਾਂ ਦੇ ਸਰੀਰਾਂ ਉੱਤੇ ਗੋਲੀਆਂ ਦੇ ਘਾਤਕ ਜ਼ਖ਼ਮ ਸਨ। ਮ੍ਰਿਤਕਾਂ ਦੀ ਭੈਣ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਦਫ਼ਤਰ ਦਾ ਦਰਵਾਜ਼ਾ ਖੋਲ੍ਹਣ ਵਿੱਚ ਮੁਸ਼ਕਲ ਆ ਰਹੀ ਸੀ। ਉਸ ਨੇ ਧੀ ਨੂੰ ਫ਼ੋਨ ਕਰਕੇ ਘਰ ਬੁਲਾਇਆ। ਦਰਵਾਜ਼ਾ ਖੋਲ੍ਹਣ ਮਗਰੋਂ ਦੋਵੇਂ ਭਰਾ ਫਰਸ਼ ਉੱਤੇ ਮ੍ਰਿਤਕ ਪਏ ਮਿਲੇ। ਦੋਵੇਂ ਭਰਾ ਆਪਣੇ ਮਾਪਿਆਂ ਨਾਲ ਇਸੇ ਘਰ ਵਿੱਚ ਰਹਿੰਦੇ ਸਨ। ਪਰਿਵਾਰ ਅਨੁਸਾਰ ਉਨ੍ਹਾਂ ਵਿਚਾਲੇ ਕੋਈ ਝਗੜਾ ਜਾਂ ਤਣਾਅ ਨਹੀਂ ਸੀ ਅਤੇ ਦੋਵਾਂ ਦਾ ਆਪਸੀ ਰਿਸ਼ਤਾ ਬਹੁਤ ਨੇੜਲਾ ਸੀ। ਇੱਕ ਭਰਾ ਮਾਪਿਆਂ ਦੀ ਦੇਖਭਾਲ ਕਰਦਾ ਸੀ, ਜਦਕਿ ਦੂਜਾ ਨੌਕਰੀ ਕਰਦਾ ਸੀ। ਦੋਵੇਂ ਬੱਚਿਆਂ ਦੇ ਪਿਤਾ ਵੀ ਸਨ। ਹੈਂਪਸਟੈੱਡ ਪੁਲਿਸ ਅਤੇ ਨਸਾਊ ਕਾਊਂਟੀ ਪੁਲਿਸ ਦਾ ਕਤਲ ਜਾਂਚ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ। ਪੁਲਿਸ ਨੇ ਅਜੇ ਇਹ ਨਹੀਂ ਦੱਸਿਆ ਕਿ ਘਟਨਾ ਸਥਾਨ ਤੋਂ ਕੋਈ ਹਥਿਆਰ ਮਿਲਿਆ ਹੈ ਜਾਂ ਨਹੀਂ। ਮੌਤਾਂ ਪਿੱਛੇ ਕਾਰਨ ਵੀ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਮੁਤਾਬਕ ਇਲਾਕੇ ਦੇ ਲੋਕਾਂ ਲਈ ਕੋਈ ਹੋਰ ਖ਼ਤਰਾ ਨਹੀਂ ਹੈ। ਮ੍ਰਿਤਕਾਂ ਦੇ ਨਾਂ ਅਜੇ ਜਾਰੀ ਨਹੀਂ ਕੀਤੇ ਗਏ।