ਗਰਮੀ ਤੋਂ ਬਚਣ ਲਈ ਸਕਾਟਲੈਂਡ ਵੱਲ ਵਧੇ ਯੂਰਪ ਤੇ ਇੰਗਲੈਂਡ ਦੇ ਸੈਲਾਨੀ
ਗਲਾਸਗੋ, 20 ਅਗਸਤ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਯੂਰਪ ਅਤੇ ਇੰਗਲੈਂਡ ਦੇ ਕਈ ਹਿੱਸਿਆਂ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਸੈਲਾਨੀਆਂ ਦਾ ਰੁਝਾਨ ਸਕਾਟਲੈਂਡ ਵਰਗੇ ਠੰਢੇ ਇਲਾਕਿਆਂ ਵੱਲ ਵਧ ਰਿਹਾ ਹੈ। ਤਪਦੀਆਂ ਧੁੱਪਾਂ ਤੋਂ ਬਚ ਕੇ ਠੰਢੇ ਮੌਸਮ ਵਿੱਚ ਛੁੱਟੀਆਂ ਮਨਾਉਣ ਦੇ ਇਸ ਰੁਝਾਨ ਨੂੰ ‘ਕੂਲਕੇਸ਼ਨ’ ਕਿਹਾ ਜਾ ਰਿਹਾ ਹੈ।
ਗਲਾਸਗੋ, 20 ਅਗਸਤ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਯੂਰਪ ਅਤੇ ਇੰਗਲੈਂਡ ਦੇ ਕਈ ਹਿੱਸਿਆਂ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਸੈਲਾਨੀਆਂ ਦਾ ਰੁਝਾਨ ਸਕਾਟਲੈਂਡ ਵਰਗੇ ਠੰਢੇ ਇਲਾਕਿਆਂ ਵੱਲ ਵਧ ਰਿਹਾ ਹੈ। ਤਪਦੀਆਂ ਧੁੱਪਾਂ ਤੋਂ ਬਚ ਕੇ ਠੰਢੇ ਮੌਸਮ ਵਿੱਚ ਛੁੱਟੀਆਂ ਮਨਾਉਣ ਦੇ ਇਸ ਰੁਝਾਨ ਨੂੰ ‘ਕੂਲਕੇਸ਼ਨ’ ਕਿਹਾ ਜਾ ਰਿਹਾ ਹੈ। ਸਕਾਟਲੈਂਡ ਦੇ ਗਲੇਨਕੋ ਦੀਆਂ ਖੂਬਸੂਰਤ ਵਾਦੀਆਂ ਵਿੱਚ ਸੈਲਾਨੀ ਬੱਦਲਵਾਈ, ਹਲਕੇ ਮੀਂਹ ਅਤੇ ਤਾਜ਼ੀ ਹਵਾ ਦਰਮਿਆਨ ਕਾਇਆਕਿੰਗ(ਇਸ ਵਿੱਚ ਵਿਅਕਤੀ ਇੱਕ ਛੋਟੀ, ਲੰਬੀ ਤੇ ਤੰਗ ਕਿਸ਼ਤੀ ਵਿੱਚ ਬੈਠ ਕੇ ਚੱਪੂਆਂ ਨਾਲ ਚਲਾਉਂਦਾ ਹੈ) ਤੇ ਹੋਰ ਕੁਦਰਤੀ ਸਰਗਰਮੀਆਂ ਦਾ ਆਨੰਦ ਮਾਣ ਰਹੇ ਹਨ। ਇੱਥੇ ਜ਼ਿਆਦਾਤਰ ਸੈਲਾਨੀ ਫਰਾਂਸ, ਇਟਲੀ ਅਤੇ ਸਪੇਨ ਤੋਂ ਆਉਂਦੇ ਸਨ, ਪਰ ਹੁਣ ਦੱਖਣੀ ਇੰਗਲੈਂਡ ਤੋਂ ਆਉਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ। ਇੱਕ ਸੈਰ-ਸਪਾਟਾ ਕੰਪਨੀ ਮੁਤਾਬਕ ਤਿੰਨ ਮਹੀਨਿਆਂ ਵਿੱਚ ‘ਕੂਲਕੇਸ਼ਨ’ ਦੀਆਂ ਆਨਲਾਈਨ ਖੋਜਾਂ 420 ਫੀਸਦੀ ਵਧੀਆਂ ਹਨ। ਸਕਾਟਲੈਂਡ ਆਉਣ ਵਾਲੇ ਸੈਲਾਨੀਆਂ ਲਈ ਐਡਿਨਬਰਾ ਕੈਸਲ ਅਤੇ ਇਤਿਹਾਸਕ ਰੌਇਲ ਮਾਈਲ, ਗਲਾਸਗੋ ਦੇ ਅਜਾਇਬਘਰ ਅਤੇ ਸੱਭਿਆਚਾਰਕ ਵਿਰਸਾ, ਲੌਖ ਨੇਸ ਝੀਲ, ਗਲੇਨਕੋ ਦੀਆਂ ਖੂਬਸੂਰਤ ਪਹਾੜੀਆਂ, ਲੌਖ ਲੋਮੰਡ ਦੀਆਂ ਵਾਦੀਆਂ ਅਤੇ ਟਰੌਸੈਕਸ ਨੈਸ਼ਨਲ ਪਾਰਕ ਮੁੱਖ ਆਕਰਸ਼ਣ ਹਨ। ਇਸ ਤੋਂ ਇਲਾਵਾ ਆਇਲ ਆਫ ਸਕਾਈ, ਕੇਅਰਨਗੌਰਮਜ਼ ਨੈਸ਼ਨਲ ਪਾਰਕ, ਸਕਾਟਲੈਂਡ ਦੀ ਸੱਭ ਤੋਂ ਉੱਚੀ ਬੈਨ ਨੇਵਿਸ ਦੀ ਚੋਟੀ ‘ਤੇ ਪਹੁੰਚਣ ਲਈ ਤਾਰਾਂ ਨਾਲ ਚੱਲਣ ਵਾਲੀਆਂ ਕੇਬਲ ਕਾਰਾਂ, ਨੌਰਥ ਕੋਸਟ 500 ਰੂਟ, ਸੇਂਟ ਐਂਡਰਿਊਜ਼ ਦੇ ਬੀਚ ਅਤੇ ਸਕਾਟਿਸ਼ ਹਾਈਲੈਂਡਜ਼ ਦੇ ਕਿਲ੍ਹੇ, ਝੀਲਾਂ ਤੇ ਮਨਮੋਹਕ ਵਾਦੀਆਂ ਵੀ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਖਿੱਚ ਰਹੀਆਂ ਹਨ। 19 ਜੁਲਾਈ ਨੂੰ ਖ਼ਤਮ ਹੋਏ ਛੇ ਹਫ਼ਤਿਆਂ ਦੌਰਾਨ ਸਕਾਟਲੈਂਡ ਦੇ ਹਵਾਈ ਅੱਡਿਆਂ ਲਈ ਉਡਾਣਾਂ ਦੀ ਬੁਕਿੰਗ ਪਿਛਲੇ ਸਾਲ ਨਾਲੋਂ 15 ਫੀਸਦੀ ਵਧੀ, ਜਦਕਿ 2026 ਦੀ ਪਹਿਲੀ ਤਿਮਾਹੀ ਵਿੱਚ ਵਿਦੇਸ਼ੀ ਸੈਲਾਨੀਆਂ ਦਾ ਵੀਜ਼ਾ ਕਾਰਡ ਖ਼ਰਚ 19 ਫੀਸਦੀ ਵੱਧ ਰਿਹਾ। ਸਕਾਟਲੈਂਡ ਦਾ ਠੰਢਾ ਮੌਸਮ, ਮੀਂਹ, ਹਰੇ-ਭਰੇ ਪਹਾੜ ਅਤੇ ਝੀਲਾਂ ਹੁਣ ਇਸ ਦੇ ਸੈਰ-ਸਪਾਟਾ ਉਦਯੋਗ ਲਈ ਵੱਡਾ ਮੌਕਾ ਬਣ ਰਹੇ ਹਨ। ਤਸਵੀਰਾਂ: Glasgo pic (1) (2) ਸਕਾਟਲੈਂਡ ਦੀ ਖੂਬਸੂਰਤੀ ਬਿਆਨ ਕਰਦੇ ਦ੍ਰਿਸ਼