ਮੱਧਕਾਲੀ ਚੋਣਾਂ ’ ਚ ਜ਼ਿਆਦਾਤਰ ਭਾਰਤੀਆਂ ਦਾ ਝੁਕਾਅ ਡੈਮੋਕ੍ਰੇਟਿਕ ਉਮੀਦਵਾਰਾਂ ਵੱਲ
ਸੈਕਰਾਮੈਂਟੋ, 30 ਅਗਸਤ (ਹੁਸਨ ਲੜੋਆ ਬੰਗਾ)-ਇਕ ਨਵੇਂ ਰਾਸ਼ਟਰੀ ਸਰਵੇਖਣ ਦੇ ਅਨੁਸਾਰ ਭਾਰਤੀ ਅਮਰੀਕੀ ਵੋਟਰਾਂ ’ਚ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਲਈ ਭਾਰੀ ਉਤਸ਼ਾਹ ਹੈ ਤੇ ਉਹ ਡੈਮੋਕ੍ਰੇਟਿਕ ਉਮੀਦਵਾਰਾਂ ਵੱਲ ਸਪੱਸ਼ਟ ਝੁਕਾਅ ਰਖਦੇ ਹਨ| ਏਸ਼ੀਅਨ ਅਮਰੀਕੀ ਵੋਟਰ ਸਰਵੇਖਣ ’ਚ ਪਾਇਆ ਗਿਆ ਕਿ 92 ਫ਼ੀਸਦ ਭਾਰਤੀ ਅਮਰੀਕੀ ਰਜਿਸਟਰਡ ਵੋਟਰਾਂ ਨੇ ਨਵੰਬਰ ’ਚ ਵੋਟ ਪਾਉਣ ਦੀ ਯੋਜਨਾ ਬਣਾਈ ਹੈ| ਭਾਰਤੀ ਭਾਈਚਾਰੇ ਨੇ ਸੈਨੇਟ ਤੇ ਪ੍ਰਤੀਨਿੱਧ ਸਦਨ ਦੋਵਾਂ ਮੁਕਾਬਲਿਆਂ ’ਚ ਡੈਮੋਕ੍ਰੇਟਿਕ ਉਮੀਦਵਾਰਾਂ ਪ੍ਰਤੀ ਇਕ ਮਜ਼ਬੂਤ ਤਰਜੀਹ ਦਿਖਾਈ ਹੈ| ਬਹੁਗਿਣਤੀ ਭਾਰਤੀਆਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਵਿਰੁੱਧ ਵੋਟ ਦੇਣਗੇ ’ਤੇ ਸਾਫ ਹੈ ਕਿ ਉਨਾਂ ਦੀ ਤਰਜੀਹ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਹਨ| 66 ਫ਼ੀਸਦ ਭਾਰਤੀ-ਅਮਰੀਕੀ ਵੋਟਰਾਂ ਨੇ ਡੈਮੋਕ੍ਰੇਟਿਕ ਉਮੀਦਵਾਰਾਂ ਦਾ ਸਮਰਥਨ ਕੀਤਾ ਹੈ ਜਦੋਂ ਕਿ 22 ਫ਼ੀਸਦ ਨੇ ਰਿਪਬਲਿਕਨਾਂ ਨੂੰ ਤਰਜੀਹ ਦਿੱਤੀ ਹੈ ਜਦ ਕਿ 7 ਫ਼ੀਸਦ ਨੇ ਹੋਰ ਉਮੀਦਵਾਰਾਂ ਦਾ ਸਮਰਥਨ ਕੀਤਾ ਹੈ| ਸਰਵੇਖਣ ’ਚ ਭਾਰਤੀ-ਅਮਰੀਕੀ ਵੋਟਰਾਂ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਤੀ ਬਹੁਤ ਹੱਦ ਤੱਕ ਨਕਾਰਾਤਮਕ ਨਜ਼ਰੀਆ ਪਾਇਆ ਗਿਆ ਹੈ| 74 ਫ਼ੀਸਦ ਨੇ ਟਰੰਪ ਨੂੰ ਪ੍ਰਤੀਕੂਲ ਨਜ਼ਰ ਨਾਲ ਦੇਖਿਆ, ਜਿਸ ਵਿੱਚੋਂ 56 ਫ਼ੀਸਦ ਨੇ ਬਹੁਤ ਹੀ ਪ੍ਰਤੀਕੂਲ ਰਾਏ ਰੱਖੀ ਹੈ ਜਦ ਕਿ 20 ਫ਼ੀਸਦ ਟਰੰਪ ਪ੍ਰਤੀ ਅਨੁਕੂਲ ਨਜ਼ਰੀਆ ਰੱਖਦੇ ਹਨ| ਸਰਵੇਖਣ ਅਨੁਸਾਰ 55 ਫ਼ੀਸਦ ਨੇ ਕਿਹਾ ਕਿ ਉਨਾਂ ਨੇ ਪੋਲਿੰਗ ਸਥਾਨ ’ਤੇ ਵੋਟ ਪਾਉਣ ਦੀ ਯੋਜਨਾ ਬਣਾਈ ਹੈ, ਜਦੋਂ ਕਿ 34 ਫ਼ੀਸਦ ਨੇ ਡਾਕ ਰਾਹੀਂ ਵੋਟ ਪਾਉਣ ਨੂੰ ਤਰਜੀਹ ਦਿੱਤੀ ਹੈ ਅਤੇ 8 ਫ਼ੀਸਦ ਨੇ ਬੈਲਟ ਡਰਾਪ ਸਥਾਨ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ| ਤਿੰਨ-ਚੌਥਾਈ ਭਾਰਤੀ-ਅਮਰੀਕੀ ਨਾਗਰਿਕਾਂ ਨੇ ਕਿਹਾ ਕਿ ਉਨਾਂ ਨੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਰਾਜਨੀਤੀ ’ਤੇ ਚਰਚਾ ਕੀਤੀ ਹੈ| 19 ਫ਼ੀਸਦ ਭਾਰਤੀਆਂ ਨੇ ਟਰੰਪ ਵਿਰੋਧੀ ਪ੍ਰਦਰਸ਼ਨਾਂ, ਮਾਰਚ, ਜਾਂ ਰੈਲੀਆਂ ’ਚ ਵੀ ਹਿੱਸਾ ਲਿਆ ਹੈ| ਵਿਆਪਕ ਸਰਵੇਖਣ ਦੌਰਾਨ ਰਹਿਣ-ਸਹਿਣ ਦੀ ਲਾਗਤ ਤੇ ਮਹਿੰਗਾਈ ਪ੍ਰਮੁੱਖ ਮੁੱਦੇ ਵਜੋਂ ਉਭਰੇ ਹਨ| ਸਰਵੇਖਣ ’ਚ 2,066 ਰਜਿਸਟਰਡ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨਾਂ ’ਚ 1,896 ਏਸ਼ੀਆਈ ਅਮਰੀਕੀ ਤੇ 170 ਪ੍ਰਸ਼ਾਂਤ ਟਾਪੂ ਵਾਸੀ ਸ਼ਾਮਲ ਹਨ| ਮੱਧਕਾਲੀ ਚੋਣਾਂ ਰਾਸ਼ਟਰਪਤੀ ਦੇ ਚਾਰ ਸਾਲਾਂ ਦੇ ਕਾਰਜਕਾਲ ਦੇ ਅੱਧ ਵਿਚਕਾਰ ਹੁੰਦੀਆਂ ਹਨ ਜਿਨਾਂ ਤੋਂ ਸਰਕਾਰ ਪ੍ਰਤੀ ਲੋਕਾਂ ਦੀ ਸੋਚ ਦਾ ਪਤਾ ਲੱਗਦਾ ਹੈ|