ਸੰਯੁਕਤ ਰਾਸ਼ਟਰ ਮਹਾਸਭਾ ’ ਚ ਏ . ਆਈ ., ਪਰਵਾਸ ਤੇ ਨੌਜਵਾਨਾਂ ਦੇ ਭਵਿੱਖ ’ ਤੇ ਦੁਨੀਆ ਨੇ ਰੱਖੀ ਆਪਣੀ ਗੱਲ
ਨਿਊਯਾਰਕ, 28 ਸਤੰਬਰ (ਰਾਜੂ ਸ਼ਹਿਬਾਜ਼ਪੁਰਾ) - ਸੰਯੁਕਤ ਰਾਸ਼ਟਰ ਮਹਾਸਭਾ ਦੀ ਉੱਚ ਪੱਧਰੀ ਬਹਿਸ ਦੇ ਪੰਜਵੇਂ ਦਿਨ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.)
ਨਿਊਯਾਰਕ, 28 ਸਤੰਬਰ (ਰਾਜੂ ਸ਼ਹਿਬਾਜ਼ਪੁਰਾ) - ਸੰਯੁਕਤ ਰਾਸ਼ਟਰ ਮਹਾਸਭਾ ਦੀ ਉੱਚ ਪੱਧਰੀ ਬਹਿਸ ਦੇ ਪੰਜਵੇਂ ਦਿਨ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.), ਪਰਵਾਸ, ਵਧਦੀ ਅਸਮਾਨਤਾ ਅਤੇ ਨੌਜਵਾਨਾਂ ਦੇ ਭਵਿੱਖ ਵਰਗੇ ਮੁੱਦੇ ਚਰਚਾ ਦੇ ਕੇਂਦਰ ਵਿਚ ਰਹੇ। ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੇ ਆਪਣੀ ਗੱਲ ਰੱਖਦਿਆਂ ਜ਼ੋਰ ਦਿੱਤਾ ਕਿ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਨਵੀਂ ਤਕਨਾਲੋਜੀ ਦਾ ਫਾਇਦਾ ਹਰ ਦੇਸ਼ ਅਤੇ ਹਰ ਵਰਗ ਤੱਕ ਪਹੁੰਚਣਾ ਚਾਹੀਦਾ ਹੈ। ਚੀਨ ਦੇ ਉਪ ਰਾਸ਼ਟਰਪਤੀ ਹਾਨ ਝੇਂਗ ਨੇ ਕਿਹਾ ਕਿ ਏ.ਆਈ. ਦੀ ਵਰਤੋਂ ਲੋਕਾਂ ਦੀ ਭਲਾਈ ਲਈ ਹੋਣੀ ਚਾਹੀਦੀ ਹੈ ਅਤੇ ਤਕਨਾਲੋਜੀ ਦੇ ਮਾਮਲੇ ਵਿਚ ਅਮੀਰ ਤੇ ਵਿਕਾਸਸ਼ੀਲ ਦੇਸ਼ਾਂ ਵਿਚਕਾਰ ਵਧ ਰਹੇ ਪਾੜੇ ਨੂੰ ਘਟਾਉਣ ਦੀ ਲੋੜ ਹੈ। ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਨੇ ਵੀ ਏ.ਆਈ. ਨੂੰ ਅੱਜ ਦੇ ਸਮੇਂ ਦਾ ਅਹਿਮ ਮੁੱਦਾ ਦੱਸਦਿਆਂ ਕਿਹਾ ਕਿ ਇਸ ਦੇ ਵਿਕਾਸ ਦੇ ਨਾਲ ਮਜ਼ਬੂਤ ਨਿਯਮ, ਸੁਰੱਖਿਆ ਅਤੇ ਲੋਕਾਂ ਨੂੰ ਲੋੜੀਂਦੇ ਹੁਨਰ ਦੇਣਾ ਵੀ ਜ਼ਰੂਰੀ ਹੈ। ਜਮਾਇਕਾ, ਮਲੇਸ਼ੀਆ ਅਤੇ ਬੇਲੀਜ਼ ਨੇ ਚਿੰਤਾ ਜਤਾਈ ਕਿ ਜੇ ਏ.ਆਈ. ਨਾਲ ਜੁੜੀ ਤਾਕਤ ਅਤੇ ਫੈਸਲੇ ਕੁਝ ਹੀ ਦੇਸ਼ਾਂ ਤੱਕ ਸੀਮਤ ਰਹੇ ਤਾਂ ਦੁਨੀਆ ’ਚ ਪਹਿਲਾਂ ਤੋਂ ਮੌਜੂਦ ਅਸਮਾਨਤਾ ਹੋਰ ਵਧ ਸਕਦੀ ਹੈ। ਜਰਮਨੀ ਅਤੇ ਮੋਲਡੋਵਾ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਤਕਨਾਲੋਜੀ ਇੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਕਿ ਕਾਨੂੰਨ ਅਤੇ ਨਿਯਮ ਉਸ ਦੇ ਨਾਲ ਕਦਮ ਮਿਲਾਉਣ ਵਿਚ ਪਿੱਛੇ ਰਹਿ ਰਹੇ ਹਨ। ਆਗੂਆਂ ਨੇ ਕਿਹਾ ਕਿ ਏ.ਆਈ. ਭੁੱਖਮਰੀ ਰੋਕਣ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਲੜਨ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ, ਪਰ ਗਲਤ ਹੱਥਾਂ ਵਿਚ ਜਾਣ ’ਤੇ ਇਹ ਅਰਥਵਿਵਸਥਾ, ਸੁਰੱਖਿਆ ਅਤੇ ਵਿਸ਼ਵ ਸ਼ਾਂਤੀ ਲਈ ਖਤਰਾ ਵੀ ਬਣ ਸਕਦੀ ਹੈ। ਬਹਿਸ ਦੌਰਾਨ ਪਰਵਾਸ ਦਾ ਮੁੱਦਾ ਵੀ ਅਹਿਮ ਰਿਹਾ। ਜਿਬੂਤੀ ਨੇ ਯਮਨ ਵਿਚ ਹਿੰਸਾ ਤੋਂ ਬਚ ਕੇ ਆ ਰਹੇ ਹਜ਼ਾਰਾਂ ਲੋਕਾਂ ਕਾਰਨ ਆਪਣੇ ਸਰੋਤਾਂ ’ਤੇ ਵਧ ਰਹੇ ਦਬਾਅ ਦਾ ਜ਼ਿਕਰ ਕਰਦਿਆਂ ਅੰਤਰਰਾਸ਼ਟਰੀ ਮਦਦ ਦੀ ਮੰਗ ਕੀਤੀ। ਟਿਊਨੀਸ਼ੀਆ ਨੇ ਕਿਹਾ ਕਿ ਗੈਰ-ਨਿਯਮਤ ਪਰਵਾਸ ਨੂੰ ਸਿਰਫ਼ ਸੁਰੱਖਿਆ ਨਾਲ ਜੋੜ ਕੇ ਦੇਖਣ ਦੀ ਬਜਾਏ ਜੰਗ, ਗਰੀਬੀ ਅਤੇ ਬੇਰੁਜ਼ਗਾਰੀ ਵਰਗੇ ਕਾਰਨਾਂ ਨੂੰ ਵੀ ਹੱਲ ਕਰਨਾ ਪਵੇਗਾ। ਫਿਲੀਪੀਨਜ਼ ਨੇ ਪਰਵਾਸੀ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਨੂੰ ਮਨੁੱਖੀ ਤਸਕਰੀ ਤੇ ਸ਼ੋਸ਼ਣ ਤੋਂ ਬਚਾਉਣ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਜ਼ਾਂਬੀਆ ਨੇ ਅਫ਼ਰੀਕਾ ਦੀ ਵਧ ਰਹੀ ਨੌਜਵਾਨ ਆਬਾਦੀ ਨੂੰ ਸਮੱਸਿਆ ਨਹੀਂ, ਸਗੋਂ ਇੱਕ ਵੱਡੇ ਮੌਕੇ ਵਜੋਂ ਪੇਸ਼ ਕੀਤਾ।