- ਸਰੀ ਸਿਟੀ ਕੌਂਸਲ ਚੋਣਾਂ-
6 ਸਲੇਟਾਂ, 6 ਮੇਅਰ ਉਮੀਦਵਾਰ, ਦੋ ਦਰਜਨਾਂ ਤੋਂ ਵੱਧ ਕੌਂਸਲਰ ਉਮੀਦਵਾਰ ਚੋਣ ਪਿੜ ‘ਚ ਡਟੇ
ਵੈਨਕੂਵਰ, 3 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਮਿਨੀ ਪੰਜਾਬ ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ਦੀ ਸਿਟੀ ਕੌਂਸਲ ਲਈ 17 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਪੂਰੇ ਸਿਖਰਾਂ ਤੇ ਹਨ। ਸਰੀ ਦੇ ਵੋਟਰ ਇੱਕ ਮੇਅਰ ਅਤੇ 8 ਕੌਂਸਲਰਾਂ ਦੀ ਚੋਣ ਕਰਨਗੇ।
ਵੈਨਕੂਵਰ, 3 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਮਿਨੀ ਪੰਜਾਬ ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ਦੀ ਸਿਟੀ ਕੌਂਸਲ ਲਈ 17 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਪੂਰੇ ਸਿਖਰਾਂ ਤੇ ਹਨ। ਸਰੀ ਦੇ ਵੋਟਰ ਇੱਕ ਮੇਅਰ ਅਤੇ 8 ਕੌਂਸਲਰਾਂ ਦੀ ਚੋਣ ਕਰਨਗੇ। ਇਸ ਵੇਲੇ ਚੋਣ ਮੈਦਾਨ ਵਿੱਚ 6 ਪ੍ਰਮੁੱਖ ਸਲੇਟਾਂ ( ਸਿਆਸੀ ਧੜੇ) ਕੰਸਰਵੇਟਿਵ ਪਾਰਟੀ ਆਫ ਸਰੀ, ਸਰੀ ਕਨੈਕਟ, ਸੇਫ ਸਰੀ ਕੋਅਲੀਸ਼ਨ, ਸਰੀ ਫਸਟ, ਇਮੇਜਿਨ ਸਰੀ ਅਤੇ ਸਰੀ ਨਾਓ ਸਰਗਰਮ ਹਨ ਇਨ੍ਹਾਂ ਵੱਖ ਵੱਖ ਸਲੇਟਾਂ ਨਾਲ ਸੰਬੰਧਿਤ ਮੇਅਰ ਬਣਨ ਦੀ ਦੌੜ ਵਿੱਚ ਉੱਘੇ ਪੰਜਾਬੀ ਨੌਜਵਾਨ ਵਕੀਲ ਹੋਨਵੀਰ ਰੰਧਾਵਾ, ਬਰੈਂਡਾ ਲੌਕ, ਸਾਬਕਾ ਮੇਅਰ ਡੱਗ ਮੈਕੈਲਮ, ਲਿੰਡਾ ਐਨਿਸ, ਮਾਈਕ ਸਟਾਰਚੁਕ, ਅਤੇ ਟਰੌਇ ਵੈਨ ਵਲੀਟ ਸ਼ਾਮਿਲ ਹਨ। ਇਨਾਂ ਤੋਂ ਇਲਾਵਾ ਦੋ ਦਰਜਨਾਂ ਤੋਂ ਵਧੇਰੇ ਕੌਂਸਲਰ ਉਮੀਦਵਾਰ ਵੀ ਇਨਾਂ ਚੋਣਾਂ ‘ਚ ਆਪੋ ਆਪਣੀ ਜਿੱਤ ਲਈ ਦਿਨ ਰਾਤ ਚੋਣ ਮੁਹਿੰਮਾਂ ‘ਚ ਰੁਝੇ ਹੋਏ ਹਨ ਇਨਾਂ ਚੋਣਾਂ ਵਿੱਚ ਸਥਾਨਕ ਗੋਰਿਆਂ ਦੇ ਭਾਈਚਾਰੇ ਤੋਂ ਇਲਾਵਾ ਪੰਜਾਬੀ,ਚੀਨੀ ਅਤੇ ਅਫਰੀਕੀ ਭਾਈਚਾਰੇ ਨਾਲ ਸੰਬੰਧਿਤ ਵੱਖ-ਵੱਖ ਸਿਆਸੀ ਪਹਿਲਵਾਨ ਚੋਣ ਪਿੜ ‘ਚ ਡਟ ਕੇ ਆਪੋ ਆਪਣੀ ਕਿਸਮਤ ਅਜਮਾਈ ਕਰ ਰਹੇ ਹਨ ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਜਾਂ ਪੰਚਾਇਤੀ ਚੋਣਾਂ ਵਾਂਗ ਇੱਥੇ ਹਰ ਵਾਰਡ ਵਿੱਚੋਂ ਇਕ-ਇਕ ਕੌਂਸਲਰ ਜਾਂ ਪੰਚਾਇਤ ਮੈਂਬਰ ਚੁਣਨ ਦੀ ਪ੍ਰਣਾਲੀ ਨਹੀਂ ਹੈ, ਸਗੋਂ ਸਰੀ ਦੇ 8 ਕੌਂਸਲਰ ਪੂਰੇ ਸ਼ਹਿਰ ਦੇ ਵੋਟਰਾਂ ਦੀਆਂ ਵੋਟਾਂ ਦੇ ਆਧਾਰ ‘ਤੇ ਚੁਣੇ ਜਾਂਦੇ ਹਨ। ਇਥੋਂ ਦੀਆਂ ਚੋਣਾਂ ਦੀ ਸਭ ਤੋਂ ਦਿਲਚਸਪ ਗੱਲ ਇੱਥੋਂ ਦਾ ਸ਼ਾਂਤ ਅਤੇ ਨਿਯਮਬੱਧ ਚੋਣ ਪ੍ਰਚਾਰ ਹੈ। ਪੰਜਾਬ ਦੇ ਚੋਣ ਮਾਹੌਲ ਵਾਂਗ ਇਥੇ ਵੱਡੇ ਜਲਸੇ, ਲਾਊਡ ਸਪੀਕਰ, ਗੱਡੀਆਂ ਦੇ ਲੰਮੇ ਕਾਫ਼ਲੇ, ਨਾਅਰੇਬਾਜ਼ੀ ਵਾਲਾ ਸਿਲਸਿਲਾ ਨਜ਼ਰ ਨਹੀਂ ਆਉਂਦਾ। ਇਸ ਦੇ ਉਲਟ ਉਮੀਦਵਾਰ ਜ਼ਿਆਦਾਤਰ ਘਰ-ਘਰ ਜਾ ਕੇ ਵੋਟਰਾਂ ਨਾਲ ਮਿਲਣ, ਛੋਟੀਆਂ ਇਕੱਤਰਤਾਵਾਂ ਕਰਨ, ਭਾਈਚਾਰਕ ਸਮਾਗਮਾਂ ਵਿੱਚ ਹਾਜ਼ਰੀ ਲਗਵਾਉਣ ਅਤੇ ਸਮਾਜਿਕ ਮਾਧਿਅਮਾਂ ਰਾਹੀਂ ਆਪਣੇ ਲਈ ਸਹਿਯੋਗ ਮੰਗਦੇ ਹਨ ਪੰਜਾਬ ‘ਚ ਕਰਵਾਈਆਂ ਜਾਂਦੀਆਂ ਵੱਖ ਵੱਖ ਚੋਣਾਂ ਦੇ ਦਿਨਾਂ ਦੌਰਾਨ ਪਿਆਕੜਾਂ ਨੂੰ ਲੱਗਦੀਆਂ ‘ਮੌਜਾਂ’ ਵਾਂਗ ਕੈਨੇਡਾ ‘ਚ ਪਿਆਕੜਾਂ ਨੂੰ ‘ਮੌਜਾਂ’ ਨਹੀਂ ਲੱਗਦੀਆਂ ਕਿਉਂਕਿ ਕਾਨੂੰਨੀ ਸ਼ਿਕੰਜਾ ਤੇਜ਼ ਹੋਣ ਕਾਰਨ ਇਥੇ ‘ਛਕਣ ਛਕਾਉਣ’ ਦਾ ਰੁਝਾਨ ਬਹੁਤ ਘੱਟ ਦਿਖਾਈ ਦਿੰਦਾ ਹੈ ਇਹ ਵੀ ਜ਼ਿਕਰਯੋਗ ਹੈ ਕਿ ਸਰੀ ਸਿਟੀ ਕੌਂਸਲ ਦੀਆਂ ਚੋਣਾਂ ਦੀ ਚੋਣ ਪ੍ਰਕਿਰਿਆ 17 ਅਕਤੂਬਰ ਨੂੰ ਮੁਕੰਮਲ ਹੋਣ ਉਪਰੰਤ ਵੀ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਸਿਆਸੀ ਰੰਗ ਚੜਿਆ ਰਹੇਗਾ ਕਿਉਂਕਿ ਇਨਾਂ ਚੋਣਾਂ ਤੋਂ ਤਕਰੀਬਨ ਇੱਕ ਹਫਤੇ ਉਪਰੰਤ 24 ਅਕਤੂਬਰ ਨੂੰ ਸੁਬਾਈ ਚੋਣਾਂ ਕਰਵਾਏ ਜਾਣ ਦਾ ਐਲਾਨ ਹੋ ਚੁੱਕਾ ਹੈ ਅਤੇ ਸੁਬਾਈ ਚੋਣਾਂ ਵਿੱਚ ਵਿਧਾਇਕ ਅਤੇ ਮੰਤਰੀ ਬਣਨ ਦਾ ‘ਚਸਕਾ’ ਰੱਖਣ ਵਾਲੇ ਸਿਆਸਤਦਾਨਾ ਵੱਲੋਂ ਵੀ ਵੱਖਰੇ ਤੌਰ ਤੇ ਚੋਣ ਗਤੀਵਿਧੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ।