29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

02-06-26

Ad Position 21
No active advertisement
ਅਜੀਤ ਡੈਸਕ 02-06-2026

 ਨੇਰ੍ਹਿਆਂ 'ਚ ਚਾਨਣ ਦੀ ਕਿਰਨ

ਹਾਂ-ਪੱਖੀ ਸੋਚ ਦਾ ਸਰਮਾਇਆ ਹਰੇਕ ਕੋਲ ਨਹੀਂ ਹੁੰਦਾ। ਪਰ ਆਲੋਚਨਾ ਦਾ ਗਹਿਣਾ ਵੀ ਕਿਸੇ ਵਿਰਲੇ ਨੂੰ ਹੀ ਹਾਸਿਲ ਹੁੰਦੈ। ਕਿਸੇ ਵੀ ਖ਼ੇਤਰ 'ਚ ਜੇਕਰ ਕੁਝ ਚੰਗੇ ਦੀ ਉਮੀਦ ਰੱਖਦੇ ਹੋ ਤਾਂ ਇਨ੍ਹਾਂ ਦੋਹਾਂ ਵਿੱਚ ਸਮਤੋਲ ਬਣਾ ਕੇ ਰੱਖਣਾ ਹੋਵੇਗਾ। ਸਿੱਖਿਆ ਦੇ ਖੇਤਰ 'ਚ ਵੀ ਇਸ ਦੀ ਅਹਿਮੀਅਤ ਹੈ ਤੇ ਸਮਾਜਿਕ ਸਰੋਕਾਰਾਂ 'ਚ ਵੀ ਇਸ ਦਾ ਦਖ਼ਲ ਬਣਦਾ ਹੈ। ਸਿਆਸੀ ਸੰਦਰਭ 'ਚ ਵੀ ਇਸਨੂੰ ਮਹੱਤਵ ਦੇਣ ਦੀ ਜ਼ਰੂਰਤ ਹੈ। ਬੇਸ਼ੱਕ ਕੋਈ ਕਿਸੇ ਵੀ ਖ਼ੇਤਰ 'ਚ ਵਿਚਰਦਾ ਹੋਵੇ, ਉਸਨੂੰ ਆਪਣੇ ਅੰਦਰ ਝਾਕਦਿਆਂ ਖ਼ੁਦ ਆਪਣਾ ਨਿਰੀਖਣ ਕਰਨਾ ਚਾਹੀਦੈ। ਘਰ ਪਰਿਵਾਰ ਵਿੱਚ ਵੀ ਇਸ ਦੀ ਖ਼ਾਸ ਅਹਿਮੀਅਤ ਹੁੰਦੀ ਹੈ। ਦਰਅਸਲ ਘਰ ਤੋਂ ਹੀ ਝੂਠ ਤੇ ਸੱਚ ਦਾ ਨਿਤਾਰਾ ਹੁੰਦਾ ਹੈ।
ਫੇਰ ਸਫ਼ਰ ਆਰੰਭ ਹੁੰਦਾ ਹੈ ਸਕੂਲ ਤੇ ਸਾਥੀਆਂ ਨਾਲ। ਜਿਸ ਸਕੂਲ 'ਚ ਪੜ੍ਹਾਈ ਦਾ ਮਿਆਰ ਉੱਚਾ ਹੋਵੇਗਾ ਤੇ ਅਧਿਆਪਕ ਯੋਗ ਹੋਣਗੇ ਉਥੇ ਵਿਦਿਆਰਥੀ ਵੀ ਪੜ੍ਹਨ ਤੋਂ ਵਗੈਰ ਹੋਰ ਵੀ ਕੁਝ ਨਵਾਂ ਤੇ ਚੰਗਾ ਸਿੱਖਣਗੇ। ਅਧਿਆਪਕ ਆਪਣੀ ਉਚਿਤ ਭੂਮਿਕਾ ਨਿਭਾਉਂਦੇ ਹੋਣਗੇ ਤਾਂ ਬੱਚੇ ਆਪਣੀ ਊਰਜਾ ਤੇ ਯੋਗਤਾ ਦਾ ਬਰਾਬਰ ਮੁਜ਼ਾਹਰਾ ਕਰ ਸਕਦੇ ਹਨ। ਗੁਆਂਢੀ ਵੀ ਚੰਗੇ ਹੋਣ ਤੇ ਤੁਸੀਂ ਖ਼ੁਦ ਵੀ। ਪਰ ਚੰਗੀ 'ਪਹਿਲ' ਤੁਹਾਡੇ 'ਤੇ ਹੀ ਨਿਰਭਰ ਕਰਦੀ ਹੈ।
ਉਸ ਤੋਂ ਬਾਅਦ ਭਰੋਸੇਮੰਦ ਕਾਲਜ, ਇੰਸਟੀਚਿਊਟ ਤੇ ਯੂਨੀਵਰਸਿਟੀਆਂ ਆਉਂਦੀਆਂ ਹਨ। ਏਥੇ ਵੀ ਗੱਲ ਕਿਰਦਾਰ ਤੇ ਲਿਆਕਤ 'ਤੇ ਆ ਟਿਕਦੀ ਹੈ। ਇਨ੍ਹਾਂ ਕੇਂਦਰਾਂ ਵੱਲ ਖ਼ਾਸ ਤਵੱਜੋ ਦੇਣੀ ਹੋਵੇਗੀ। ਬੇਲੋੜੀ ਸਿਆਸੀ ਦਖਲਅੰਦਾਜ਼ੀ ਖ਼ਤਮ ਕਰਨੀ ਪਵੇਗੀ। ਕਿਉਂਕਿ ਏਥੋਂ ਹੀ ਅਧਿਆਪਕ, ਅਧਿਕਾਰੀ ਤੇ ਦਾਰਸ਼ਨਿਕ ਪੈਦਾ ਹੁੰਦੇ ਹਨ।

-ਸੁਖਮਿੰਦਰ ਸੇਖੋਂ
ਘੁੰਮਣ ਨਗਰ ਸਰਹਿੰਦ ਰੋਡ, ਪਟਿਆਲਾ

ਸ਼ੁਕਰਾਨਾ

ਮਨੁੱਖ ਨੂੰ ਚੁਰਾਸੀ ਲੱਖ ਜੂਨਾਂ ਦਾ ਸਰਦਾਰ ਮੰਨਿਆ ਜਾਂਦਾ ਹੈ, ਅਰਥਾਤ ਮਨੁੱਖ ਦੀ ਜੂਨ ਬਾਕੀ ਜੂਨਾਂ ਤੋਂ ਸਿਰਮੌਰ ਮੰਨੀ ਜਾਂਦੀ ਹੈ, ਕਿਉਂਕਿ ਮਨੁੱਖ ਨੂੰ ਉਸ ਪਰਵਰਦਗਾਰ ਨੇ ਹੋਰ ਅੰਗਾਂ ਤੋਂ ਇਲਾਵਾ ਦਿਮਾਗ਼ ਵੀ ਬਖ਼ਸ਼ਿਆ ਹੈ, ਜਿਸ ਦੀ ਬਦੌਲਤ ਉਹ ਚੰਗਾ-ਮਾੜਾ ਅਤੇ ਨਫ਼ਾ-ਨੁਕਸਾਨ ਸੋਚ-ਵਿਚਾਰ ਸਕਦਾ ਹੈ। ਇੰਨਾ ਹੀ ਨਹੀਂ ਕੁਦਰਤ ਦੇ ਕਾਦਰ ਨੇ ਮਨੁੱਖ ਨੂੰ ਜ਼ਿੰਦਗੀ ਬਸਰ ਕਰਨ ਲਈ ਅਨੇਕਾਂ ਦਾਤਾਂ ਜਿਨ੍ਹਾਂ ਵਿਚ ਧੰਨ-ਦੌਲਤ, ਧੀਆਂ-ਪੁੱਤਰ, ਕਾਰਾਂ-ਕੋਠੀਆਂ ਆਦਿ ਬਖ਼ਸ਼ਿਸ਼ ਕੀਤੀਆਂ ਹਨ, ਪਰ ਇਸ ਦੇ ਬਾਵਜੂਦ ਮਨੁੱਖ ਨੂੰ ਜਿੰਨਾ ਉਸ ਅਕਾਲ ਪੁਰਖ ਦਾ ਇਨ੍ਹਾਂ ਦਾਤਾਂ ਲਈ ਅਤੇ ਬਖ਼ਸ਼ੀ ਮਨੁੱਖਾ ਦੇਹ ਲਈ ਧੰਨਵਾਦ ਅਤੇ ਸ਼ੁਕਰਾਨਾ ਕਰਨਾ ਚਾਹੀਦਾ ਹੈ, ਉਹ ਇਹ ਸਮਝਦਾ ਹੈ ਕਿ ਇਹ ਸਭ ਕੁਝ ਉਸ ਨੇ ਆਪਣੇ ਬਲਬੂਤੇ ਬਣਾਇਆ ਹੈ। ਅਜਿਹਾ ਉਹ ਮੈਂ, ਮੇਰੀ ਵਿਚ ਫਸ ਕੇ ਅਤੇ ਲੋਭ-ਲਾਲਚ ਵਿਚ ਆ ਕੇ ਕਰਦਾ ਹੈ।
ਸ਼ਾਇਦ ਇਸੇ ਕਰਕੇ ਹੀ ਉਹ ਮਾਨਸਿਕ ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਵਿਚ ਫਸਿਆ ਹੋਇਆ ਹੈ ਅਤੇ ਆਪ ਮੁਹਾਰਾ ਹੋ ਕੇ ਹੰਕਾਰੀ ਬਣਿਆ ਹੋਇਆ ਹੈ। ਗੁਰਬਾਣੀ ਅਨੁਸਾਰ ਜਿਥੇ ਹਉਮੈ-ਹੰਕਾਰ ਹੋਵੇਗਾ, ਉਥੇ ਨਾਮ ਨਹੀਂ ਟਿਕ ਸਕਦਾ ਅਤੇ ਜਿੱਥੇ ਨਾਮ ਹੋਵੇਗਾ, ਉਥੇ ਹੰਕਾਰ ਨਹੀਂ ਰਹਿ ਸਕਦਾ। ਇਸ ਲਈ ਮਨੁੱਖ ਨੂੰ ਜਿੰਨਾ ਵੀ ਹੋ ਸਕੇ ਪ੍ਰਮਾਤਮਾ ਦੇ ਨਾਮ-ਬਾਣੀ ਅਤੇ ਸੇਵਾ ਨਾਲ ਜੁੜਨਾ ਚਾਹੀਦਾ ਹੈ। ਅਜਿਹਾ ਕਰਕੇ ਹੀ ਮਨੁੱਖ ਸਹੀ ਅਰਥਾਂ ਵਿਚ ਇਨਸਾਨ ਬਣ ਕੇ ਮਨੁੱਖਤਾ ਦੇ ਭਲੇ ਲਈ ਤੱਤਪਰ ਹੋਣ ਦੇ ਨਾਲ-ਨਾਲ ਆਪਣਾ ਮਨੁੱਖਾ ਜੀਵਨ ਸਫ਼ਲ ਬਣਾ ਸਕਦਾ ਹੈ ਜੋ ਕਿ ਸਮੇਂ ਦੀ ਮੰਗ ਹੀ ਨਹੀਂ ਬਲਕਿ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

ਸਾਹਿਤ ਅਤੇ ਵਿਦਿਆਰਥੀ

ਸਾਹਿਤ ਤੇ ਵਿਦਿਆਰਥੀ ਦਾ ਰਿਸ਼ਤਾ ਬੜਾ ਗੂੜ੍ਹਾ ਹੁੰਦਾ ਹੈ। ਵਿਦਿਆਰਥੀ ਜੀਵਨ ਵਿਚ ਆਉਣ ਵਾਲੇ ਭਵਿੱਖ ਦੇ ਵਧੀਆ ਵਿਅਕਤੀਤਵ ਦੀ ਉਸਾਰੀ ਸਾਹਿਤ ਅੰਦਰੋਂ ਹੋ ਕੇ ਜਾਂਦੀ ਹੈ। ਸਾਹਿਤ ਵਿਦਿਆਰਥੀ ਦੇ ਮਨੋਭਾਵਾਂ, ਵੇਗਾਂ ਅਤੇ ਸੰਵੇਦਨਾਵਾਂ ਨੂੰ ਸਹੀ ਦਿਸ਼ਾ ਵਿਚ ਊਰਜਾਵਾਨ ਹੋ ਕੇ ਵਿਚਰਨ ਦਾ ਵੱਲ ਦੱਸਦਾ ਹੈ। ਕਥਾਰਸਿਸ ਦੀ ਸਾਰੀ ਥਿਊਰੀ ਹੀ ਸਾਹਿਤ ਆਧਾਰਿਤ ਹੈ। ਦ੍ਰਿਸ਼ ਕਾਵਿ ਅਤੇ ਸਵ੍ਰ ਕਾਵਿ ਦੇ ਰੂਪਾਂ ਰਾਹੀਂ ਵਿਅਕਤੀ ਅੰਦਰਲੇ ਰਸਾਂ ਦਾ ਬਾਹਰ ਵੱਲ ਉਲਾਰ ਹੁੰਦਾ ਹੈ ਅਤੇ ਵਿਅਕਤੀ ਕਈ ਵਾਰੀ ਕਥਾਰਸਿਸ ਉਪਰੰਤ ਨਿਰਮਲ, ਸ਼ੁੱਧ ਅਤੇ ਹੌਲਾ ਫੁੱਲ ਹੋ ਜਾਂਦਾ ਹੈ। ਇੰਨਾ ਹੀ ਨਹੀਂ ਜੀਵਨ ਨੂੰ ਨਵੇਂ ਸਿਰੋਂ ਸਮਝਣ, ਵਿਉਂਤਣ ਅਤੇ ਢਾਲਣ ਦੀ ਜਾਚ ਹੋਰ ਵਧੀਆ ਹੋ ਜਾਂਦੀ ਹੈ। ਸਾਹਿਤਕ ਰੁਚੀਆਂ ਵਾਲੇ ਪਾਠਕ ਆਪਣੇ ਸਮੇਂ ਦੇ ਦਿਲ ਵਾਲੇ ਮਨੁੱਖ ਹੁੰਦੇ ਹਨ ਜੋ ਸੂਖਮ ਤੋਂ ਸੂਖਮ ਭਾਵਾਂ ਦੀ ਵੀ ਸਹਿਜੇ ਹੀ ਤਰਜਮਾਨੀ ਕਰ ਲੈਂਦੇ ਹਨ। ਹਰੇਕ ਵਿਦਿਆਰਥੀ ਨੂੰ ਆਪਣੇ ਜੀਵਨ ਨੂੰ ਇਸ ਸਮੇਂ ਸਾਹਿਤ ਨਾਲ ਜ਼ਰੂਰ ਜੋੜਨਾ ਚਾਹੀਦਾ ਹੈ। ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਵਿਚ ਕਿਸੇ ਨਾ ਕਿਸੇ ਵਿਚ ਉਸ ਦੀ ਦਿਲਚਸਪੀ ਜ਼ਰੂਰ ਬਣੇਗੀ ਅਤੇ ਉਹ ਆਪਣੇ ਜੀਵਨ ਦੇ ਬਿਹਤਰ ਪੱਖਾਂ ਨੂੰ ਸਮਝਣ ਅਤੇ ਬਣਾਉਣ ਵਿਚ ਪਰਪੱਕ ਹੋ ਸਕਦਾ ਹੈ।
ਸਕੂਲ ਲਾਇਬ੍ਰੇਰੀ ਦਾ ਇਸ ਵਿਚ ਮਹੱਤਵਪੂਰਨ ਸਥਾਨ ਹੈ। ਹਰੇਕ ਵਿਦਿਆਰਥੀ ਨੂੰ ਆਪਣਾ ਵੱਧ ਤੋਂ ਵੱਧ ਖਾਲੀ ਸਮਾਂ ਲਾਇਬ੍ਰੇਰੀ ਵਿਚ ਅਖ਼ਬਾਰ, ਮੈਗਜ਼ੀਨ, ਪੁਸਤਕਾਂ ਪੜ੍ਹਨ ਵਿਚ ਬਿਤਾਉਣਾ ਚਾਹੀਦਾ ਹੈ। ਪੈਸੇ ਦੀ ਅਮੀਰੀ ਜ਼ਿੰਦਗੀ ਦਾ ਜੀਵਨ ਦਾ ਵੱਖਰਾ ਪੱਖ ਹੈ ਪਰੰਤੂ ਜ਼ਿਹਨੀ ਤੌਰ 'ਤੇ ਅਮੀਰ ਹੋਣ ਲਈ ਪੁਸਤਕ ਸੱਭਿਆਚਾਰ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ।

-ਅਮਨਦੀਪ ਕੌਰ

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਜਗਸੀਰ ਸਿੰਘ ਫੂਲੇਵਾਲਾ ਨੂੰ ਰੁਪਾਣਾ ਮੰਡਲ ਦਾ ਪ੍ਰਧਾਨ ਕੀਤਾ ਨਿਯੁਕਤ <br/> ਅਗਲੀ ਖ਼ਬਰ ਰੁਜ਼ਗਾਰ ਤੇ ਕਾਰੋਬਾਰ ਦੇ ਮੌਕੇ ਵਧਾਏਗਾ ਭਾਰਤ-ਓਮਾਨ ਵਪਾਰ ਸਮਝੌਤਾ
Ad Position 24