ਮੋਗਾ, 31 ਦਸੰਬਰ (ਸੁਰਿੰਦਰਪਾਲ ਸਿੰਘ)-ਸੂਬੇ ਅੰਦਰ ਪੈ ਰਹੀ ਠੰਢ ਤੇ ਸੰਘਣੀ ਧੁੰਦ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਰਿੰਦਰ ਕੁਮਾਰ ਸ਼ਰਮਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਮੋਗਾ ਨੇ ਸਕੂਲਾਂ ਵਿਚ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਹੈ | ਆਗੂ ਨੇ ਕਿਹਾ ਕਿ ਸੰਘਣੀ ਧੁੰਦ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਸੜਕੀ ਹਾਦਸਿਆਂ ਵਿਚ ਵੀ ਭਾਰੀ ਵਾਧਾ ਹੋ ਰਿਹਾ ਹੈ | ਬੱਚਿਆਂ ਦੇ ਸਕੂਲ ਪੁੱਜਣ ਸਮੇਂ ਸੰਘਣੀ ਧੁੰਦ ਹੋਣ ਕਰਕੇ ਸਕੂਲੀ ਵਾਹਨਾਂ ਨਾਲ ਹਾਦਸਿਆਂ ਦਾ ਖ਼ਤਰਾ ਆਮ ਨਾਲੋਂ ਵੱਧ ਹੁੰਦਾ ਹੈ | ਸਵੇਰ ਦੇ ਸਮੇਂ ਧੁੰਦ ਕਰਕੇ ਬਹੁਤ ਘੱਟ ਦਿਖਾਈ ਦਿੰਦਾ ਹੈ ਅਤੇ ਸੜਕਾਂ 'ਤੇ ਆਵਾਜਾਈ ਮੁਸ਼ਕਲ ਹੋ ਜਾਂਦੀ ਹੈ | ਅਧਿਆਪਕ ਆਗੂ ਨੇ ਦੱਸਿਆ ਕਿ ਪੰਜਾਬ ਵਿਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਪਹਿਲੀ ਜਨਵਰੀ ਤੋਂ ਖੁੱਲ੍ਹ ਰਹੇ ਹਨ ਅਤੇ ਉਸ ਦਿਨ ਬਾਰਸ਼ ਦਾ ਵੀ ਅਨੁਮਾਨ ਹੈ | ਯੂਨੀਅਨ ਆਗੂ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਸਭ ਤੋਂ ਪਹਿਲ ਦਿੰਦਿਆਂ ਸਰਕਾਰੀ/ਪ੍ਰਾਈਵੇਟ ਸਕੂਲਾਂ ਵਿਚ ਛੁੱਟੀਆਂ ਵਧਾਈਆਂ ਜਾਣ ਤਾਂ ਜੋ ਕੋਈ ਅਣ ਸੁਖਾਵੀਂ ਘਟਣਾ ਤੋਂ ਬਚਿਆ ਜਾ ਸਕੇ | ਇਸ ਸਮੇਂ ਦਿਲਬਾਗ ਸਿੰਘ ਬੌਡੇ, ਸੁਰਜੀਤ ਸਿੰਘ ਸਮਰਾਟ, ਗੁਰਤੇਜ ਸਿੰਘ, ਗੁਰਮੁਖ ਸਿੰਘ ਤੂਰ, ਦਰਸ਼ਨ ਸਿੰਘ, ਸੋਹਣ ਸਿੰਘ ਧਰਮਕੋਟ, ਲਖਵੀਰ ਸਿੰਘ, ਰਿਆਜ਼ ਮੁਹੰਮਦ, ਸੌਰਵ ਕੁਮਾਰ, ਜਸਵੀਰ ਸਿੰਘ, ਬਲਜੀਤ ਸਿੰਘ, ਅੰਗਰੇਜ਼ ਸਿੰਘ, ਰਾਜ ਸਿੰਘ ਨੰਗਲ ਅਤੇ ਕਈ ਹੋਰ ਯੂਨੀਅਨ ਆਗੂ ਸ਼ਾਮਲ ਸਨ |