ਯਮੁਨਾਨਗਰ, 2 ਜਨਵਰੀ (ਗੁਰਦਿਆਲ ਸਿੰਘ ਨਿਮਰ)-ਬਹੁਤ ਜ਼ਿਆਦਾ ਠੰਢ ਤੇ ਧੁੰਦ ਦੇ ਕਾਰਨ ਹਰਿਆਣਾ ਸਰਕਾਰ ਨੇ ਜਨਤਾ ਅਤੇ ਜਾਨਵਰਾਂ ਨੂੰ ਠੰਢ ਤੇ ਸ਼ੀਤ ਲਹਿਰ ਤੋਂ ਬਚਾਉਣ ਲਈ ਇਕ ਵਿਸ਼ੇਸ਼ ਐਡਵਾਈਜਰੀ ਜਾਰੀ ਕੀਤੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਸਲਾਹ ਦੀ ਪੂਰੀ ਤਰ੍ਹਾਂ ਪਾਲਣਾ ਕਰਦਿਆਂ ਸਾਵਧਾਨੀ ਵਰਤ ਕੇ ਲੋਕ ਆਪਣੇ ਆਪ ਨੂੰ ਅਤੇ ਆਪਣੇ ਜਾਨਵਰਾਂ ਨੂੰ ਠੰਢ ਤੋਂ ਬਚਾ ਸਕਦੇ ਹਨ | ਠੰਢ ਤੋਂ ਆਪਣੇ ਆਪ ਨੂੰ ਬਚਾਉਣ ਲਈ ਲੋਕਾਂ ਨੂੰ ਢੁਕਵੇਂ ਕੱਪੜੇ ਸਟਾਕ ਕਰਨੇ ਚਾਹੀਦੇ ਹਨ | ਠੰਡੀ ਹਵਾ ਨੂੰ ਘਰ 'ਚ ਦਾਖਲ ਹੋਣ ਤੋਂ ਰੋਕਣ ਲਈ ਦਰਵਾਜ਼ੇ ਅਤੇ ਖਿੜਕੀਆਂ ਨੂੰ ਚੰਗੀ ਤਰ੍ਹਾਂ ਬੰਦ ਰੱਖੋ ਅਤੇ ਜ਼ਰੂਰੀ ਹੋਣ 'ਤੇ ਹੀ ਘਰ ਦੇ ਬਾਹਰ ਜਾਓ ਅਤੇ ਠੰਡੀ ਹਵਾ, ਮੀਂਹ, ਧੁੰਦ ਆਦਿ ਦੇ ਸੰਪਰਕ ਆਉਣ ਤੋਂ ਬਚਾਓ ਕਰੋ | ਉਨ੍ਹਾਂ ਕਿਹਾ ਕਿ ਸਰੀਰ ਦੀ ਗਰਮੀ ਬਣਾਈ ਰੱਖਣ ਲਈ ਆਪਣੇ ਸਿਰ, ਗਰਦਨ, ਹੱਥਾਂ ਅਤੇ ਪੈਰਾਂ ਨੂੰ ਢੱਕ ਕੇ ਰੱਖੋ ਤੇ ਦਸਤਾਨੇ ਪਾਓ | ਆਪਣੇ ਫੇਫੜਿਆਂ ਦੀ ਰੱਖਿਆ ਲਈ ਮਾਸਕ ਪਹਿਨੋ | ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਟੋਪੀ ਜਾਂ ਮਫਲਰ ਪਹਿਨਣ ਤੇ ਸਿਹਤਮੰਦ ਭੋਜਨ ਖਾਣ ਦੀ ਸਲਾਹ ਦਿੱਤੀ | ਸਿਹਤ ਵਿਭਾਗ ਦੇ ਅਨੁਸਾਰ ਲੋੜੀਂਦੀ ਇਮਿਊਨਿਟੀ ਬਣਾਈ ਰੱਖਣ ਲਈ ਵਿਟਾਮਿਨ ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਓ | ਇਸ ਦੌਰਾਨ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਧਿਆਨ ਰੱਖੋ ਅਤੇ ਲੋੜ ਅਨੁਸਾਰ ਹੀ ਰੂਮ ਹੀਟਰ ਦੀ ਵਰਤੋਂ ਕਰੋ ਅਤੇ ਵਰਤੋਂ ਦੌਰਾਨ ਲੋੜੀਂਦੀ ਹਵਾਦਾਰੀ ਯਕੀਨੀ ਬਣਾਓ | ਉਨ੍ਹਾਂ ਚਿਤਾਵਨੀ ਦਿੱਤੀ ਕਿ ਬੰਦ ਕਮਰਿਆਂ 'ਚ ਕੋਲਾ ਸਾੜਨਾ ਖ਼ਤਰਨਾਕ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਦੌਰਾਨ ਐਮਰਜੈਂਸੀ ਦੀ ਕਿਸੇ ਵੀ ਸਥਿਤੀ 'ਚ ਸਹਾਇਤਾ ਲਈ ਹੈਲਪਲਾਈਨ ਨੰ. 112 'ਤੇ ਕਾਲ ਕੀਤਾ ਜਾ ਸਕਦਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਦੀਆਂ ਦੇ ਮੌਸਮ 'ਚ ਸੰਘਣੀ ਧੁੰਦ ਕਾਰਨ ਸਵੇਰੇ ਅਤੇ ਰਾਤ ਸਮੇਂ ਘੱਟ ਦਿਖਾਈ ਦੇਣ ਦੀ ਸਥਿਤੀ 'ਚ ਡਰਾਈਵਰਾਂ ਨੂੰ ਸੀਮਤ ਗਤੀ ਨਾਲ ਗੱਡੀ ਚਲਾਉਣੀ ਚਾਹੀਦੀ ਹੈ ਅਤੇ ਆਪਣੀਆਂ ਨਿਰਧਾਰਤ ਲੇਨਾਂ 'ਚ ਰਹਿਣਾ ਚਾਹੀਦਾ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ |