ਕਰਨਾਲ, 2 ਜਨਵਰੀ (ਗੁਰਮੀਤ ਸਿੰਘ ਸੱਗੂ)-ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਪੁਰਬ ਪ੍ਰਬੰਧਕ ਕਮੇਟੀ ਵਲੋਂ ਸਭ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ ਰੇਖ 'ਚ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ 'ਚ ਨਗਰ ਕੀਰਤਨ ਸਜਾਇਆ | ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅੰਮਿ੍ਤਪਾਲ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਅੱਗੇ ਅਰਦਾਸ ਉਪਰੰਤ ਕੀਤੀ ਗਈ | ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਤੇ ਗੁਰਦੁਆਰਾ ਮੰਜੀ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਲਾਡੀ ਡੱਬਰੀ ਅਤੇ ਗੁਲਾਬ ਸਿੰਘ ਮੂਨਕ ਵਲੋਂ ਪੰਜਾਂ ਪਿਆਰਿਆਂ ਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਨਗਰ ਕੀਰਤਨ ਨੂੰ ਰਵਾਨਾ ਕੀਤਾ | ਇਸ ਦੌਰਾਨ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਮੰਜੀ ਸਾਹਿਬ ਦੇ ਜਥੇ ਵਲੋਂ ਪਾਲਕੀ ਸਾਹਿਬ ਦੇ ਨਾਲ ਸ਼ਬਦ ਗਾਇਨ ਕਰ ਸੰਗਤ ਨੂੰ ਗੁਰੂ ਨਾਲ ਜੋੜਿਆ ਗਿਆ | ਇਹ ਨਗਰ ਕੀਰਤਨ ਸਰਾਫਾ ਬਾਜ਼ਾਰ, ਕਰਨਗੇਟ, ਸਬਜ਼ੀ ਮੰਡੀ ਚੌਕ, ਕੁੰਜਪਰਾ ਰੋਡ, ਹਸਪਤਾਲ ਚੌਕ, ਸੈਕਟਰ-12, ਨਿਰਮਲ ਕੁਟੀਆ, ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੈਕਟਰ-7, ਗੁਰਦੁਆਰਾ ਬਾਬਾ ਕਸ਼ਮੀਰਾ ਸਿੰਘ ਸੈਕਟਰ-6, ਮੇਰਠ ਰੋਡ, ਡੀ. ਸੀ. ਕਾਲੋਨੀ, ਮਹਾਰਾਨਾ ਪ੍ਰਤਾਪ ਚੌਕ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੇ ਰਸਤੇ 'ਚ ਵੱਖੋ ਵੱਖ ਸਭਾ ਸੁਸਾਇਟੀਆਂ ਵਲੋਂ ਸੰਗਤਾਂ ਲਈ ਚਾਹ ਬ੍ਰੈੱਡ ਤੇ ਫਰੂਟ ਦੇ ਲੰਗਰ ਲਗਾਏ ਗਏ ਅਤੇ ਨੌਜਵਾਨਾਂ ਵਲੋਂ ਪਾਲਕੀ ਸਾਹਿਬ ਦੇ ਅੱਗੇ ਫੁੱਲਾਂ ਦੀ ਵਰਖਾ ਕੀਤੀ ਗਈ, ਜਦਕਿ ਬੀਬੀਆਂ ਵਲੋਂ ਪਾਲਕੀ ਸਾਹਿਬ ਦੇ ਅੱਗੇ ਝਾੜੂ ਲਗਾਉਣ ਦੀ ਸੇਵਾ ਕੀਤੀ ਗਈ | ਨਗਰ ਕੀਰਤਨ ਦੌਰਾਨ ਦਸ਼ਮੇਸ਼ ਅਖਾੜੇ ਦੇ ਸਿੰਘਾਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਇਸ ਨਗਰ ਕੀਰਤਨ 'ਚ ਸੇਵਾਵਾਂ ਦੇਣ ਲਈ ਸੇਵਾਦਾਰਾਂ ਨੂੰ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਰਿੰਦਰ ਸਿੰਘ, ਸਕੱਤਰ ਇੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਰਤਨ ਸਿੰਘ ਸੱਗੂ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨਰੂਲਾ, ਹਰਪਾਲ ਸਿੰਘ ਡੋਨੀ, ਏ. ਪੀ. ਐਸ. ਚੋਪੜਾ, ਹਰਮੀਤ ਸਿੰਘ ਹੈਪੀ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਸਕੱਤਰ ਇੰਦਰਪਾਲ ਸਿੰਘ ਨੇ ਦੱਸਿਆ ਕਿ 4 ਜਨਵਰੀ ਨੂੰ ਗੁਰਦੁਆਰਾ ਡੇਰਾ ਕਾਰ ਸਭਾ ਵਿਖੇ ਸਵੇਰੇ 9 ਵਜੇ ਤੋਂ 3 ਵਜੇ ਤੱਕ ਅਤੇ ਸ਼ਾਮ 6 ਤੋਂ ਲੈ ਕੇ ਰਾਤ 10 ਵਜੇ ਤੱਕ ਕੀਰਤਨ ਸਮਾਗਮ ਹੋਣਗੇ, ਜਿਸ 'ਚ ਪੰਥ ਦੇ ਮਹਾਨ ਰਾਗੀ ਢਾਡੀ ਤੇ ਪ੍ਰਚਾਰਕ ਪਹੁੰਚ ਕੇ ਸੰਗਤ 'ਚ ਹਾਜ਼ਰੀ ਭਰਨਗੇ | ਸਮਾਗਮ ਦੌਰਾਨ ਗੁਰੂ ਦੇ ਅਟੁੱਟ ਲੰਗਰ ਵਰਤਾਏ ਜਾਣਗੇ | ਇਸ ਮੌਕੇ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਤਨ ਸਿੰਘ ਸੱਗੂ, ਹਰਪ੍ਰੀਤ ਸਿੰਘ ਨਰੂਲਾ, ਹਰਮੀਤ ਸਿੰਘ ਹੈਪੀ, ਹਰਪਾਲ ਸਿੰਘ ਡੋਨੀ, ਏ. ਪੀ. ਐਸ. ਚੋਪੜਾ. ਸੇਵਾਦਾਰ ਗੁਰਸੇਵਕ ਸਿੰਘ, ਜਸਵਿੰਦਰ ਸਿੰਘ ਬਿੱਲਾ ਤੇ ਹੋਰ ਮੈਂਬਰ ਮੌਜੂਦ ਸਨ |