ਡੱਬਵਾਲੀ, 2 ਜਨਵਰੀ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਤੋਂ ਸਕਾਰਪਿਓ ਗੱਡੀ ਵਿਚ ਇਕ ਅÏਰਤ ਦੀ ਕਥਿਤ ਅਗਵਾਕਾਰੀ ਦੀ ਸੂਚਨਾ ਨੇ ਅੱਜ ਸ਼ਾਮ ਪੁਲਿਸ ਜ਼ਿਲ੍ਹਾ ਡੱਬਵਾਲੀ ਤੇ ਸਿਰਸਾ ਪੁਲਿਸ ਦੀ ਭਾਜੜ ਪਾ ਦਿੱਤੀ | ਕੜਾਕੇ ਦੀ ਠੰਢ 'ਚ ਦੋਵੇਂ ਜ਼ਿਲਿ੍ਹਆਂ ਦੀ ਪੁਲਿਸ ਨੇ ਤੁਰੰਤ ਕਾਰਵਾਈ 'ਚ ਘਟਨਾ ਦੀਆਂ ਪਰਤਾਂ ਖੋਲ੍ਹ ਕੇ ਔਰਤ ਨੂੰ ਸੁਰੱਖਿਅਤ ਰਾਊਾਡਅਪ ਕਰ ਲਿਆ | ਹਾਲਾਂਕਿ ਇਸ ਭੱਜ-ਦੌੜ ਦੌਰਾਨ ਨੌਜਵਾਨ ਤੇਜ਼ ਰਫ਼ਤਾਰ ਸਕਾਰਪਿਓ ਰਾਹੀਂ ਔਰਤ ਨੂੰ ਲੈ ਕੇ ਭਿਵਾਨੀ ਜ਼ਿਲ੍ਹੇ ਦੇ ਆਪਣੇ ਪਿੰਡ ਬਿਡਵਾਨ ਪੁੱਜ ਗਿਆ | ਮਾਮਲੇ ਦੀ ਸ਼ੁਰੂਆਤ ਸਿਰਸਾ ਖੇਤਰ 'ਚ ਪੁਲਿਸ ਦੀ ਇਕ ਬੀਟੀ ਨਾਲ ਹੋਈ, ਜਦੋਂ ਚੱਲਦੀ ਗੱਡੀ 'ਚੋਂ ਔਰਤ ਨੇ ਇਕ ਰਾਹਗੀਰ ਨੂੰ ਮਦਦ ਲਈ ਇਸ਼ਾਰਾ ਕੀਤਾ | ਸੂਚਨਾ ਮਿਲਦੇ ਸਾਰ ਸਿਰਸਾ ਪੁਲਿਸ ਕੰਟਰੋਲ ਰੂਮ ਸਰਗਰਮ ਹੋ ਗਿਆ ਅਤੇ ਸਾਂਝੀ ਕਾਰਵਾਈ ਤਹਿਤ ਦੋਵੇਂ ਜ਼ਿਲਿ੍ਹਆਂ ਦੀ ਪੁਲਿਸ ਨੇ ਤੁਰੰਤ ਸਾਰੇ ਵਸੀਲੇ ਝੋਕ ਦਿੱਤੇ | ਕੜੀ-ਦਰ-ਕੜੀ ਪੜਤਾਲ ਦੇ ਆਧਾਰ 'ਤੇ ਗੱਡੀ ਦੀ ਮੂਵਮੈਂਟ ਟਰੈਕ ਕੀਤੀ ਗਈ | ਪੁਲਿਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਨੌਜਵਾਨ ਅਤੇ ਔਰਤ ਪਹਿਲਾਂ ਤੋਂ ਹੀ ਵਿਆਹੁਤਾ ਰਿਸ਼ਤੇ ਵਿਚ ਹਨ | ਔਰਤ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਹੈ, ਜਦਕਿ ਨੌਜਵਾਨ ਪਿੰਡ ਬਿਡਵਾਨ ਨਾਲ ਸੰਬੰਧਤ ਹੈ | ਦੋਵਾਂ ਦਾ ਵਿਆਹ ਕੁਝ ਸਮਾਂ ਪਹਿਲਾਂ ਹੋਇਆ ਸੀ | ਕਰੀਬ ਇਕ ਮਹੀਨਾ ਨੌਜਵਾਨ ਨਾਲ ਰਹਿਣ ਮਗਰੋੋਂ ਔਰਤ ਆਪਣੇ ਮਾਇਕੇ ਵਾਪਸ ਚਲੀ ਗਈ ਸੀ | ਪੁਲਿਸ ਸੂਤਰਾਂ ਮੁਤਾਬਕ ਅੱਜ ਨੌਜਵਾਨ ਨੇ ਫ਼ੋਨ ਕਰਕੇ ਔਰਤ ਨੂੰ ਮਿਲਣ ਲਈ ਬੁਲਾਇਆ | ਦੋਵੇਂ ਡੱਬਵਾਲੀ ਵਿਚ ਡੇਰਾ ਮਾਨਸਾ ਦਾਸ ਦੇ ਨੇੜੇ ਮਿਲੇ ਤੇ ਇਸ ਤੋਂ ਬਾਅਦ ਸਿਰਸਾ ਵੱਲ ਰਵਾਨਾ ਹੋ ਗਏ | ਜਾਂਚ ਦੌਰਾਨ 'ਚ ਖੁਲਾਸਾ ਹੋਇਆ ਕਿ ਮੁਲਾਕਾਤ ਤੋਂ ਪਹਿਲਾਂ ਨੌਜਵਾਨ ਨੇ ਡੇਰੇ ਦੇ ਨੇੜੇ ਸਥਿਤ ਇਕ ਹੇਅਰ ਡਰੈਸਰ ਦੀ ਦੁਕਾਨ 'ਤੇ ਆਪਣੇ ਵਾਲ ਵੀ ਸੰਵਾਰੇ ਸਨ | ਡੱਬਵਾਲੀ ਦੀ ਐਸ. ਪੀ. ਨਿਕਿਤਾ ਖੱਟਰ ਨੇ ਪੁਸ਼ਟੀ ਕੀਤੀ ਕਿ ਔਰਤ ਨੂੰ ਸੁਰੱਖਿਅਤ ਰਾਊਾਡਅਪ ਕਰ ਲਿਆ ਗਿਆ ਹੈ ਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ | ਦੋਵੇਂ ਆਪਸ 'ਚ ਜਾਣਕਾਰੀ ਜਾਂ ਰਿਸ਼ਤੇ ਵਿਚ ਹਨ | ਫਿਲਹਾਲ ਪੁੱਛਗਿੱਛ ਜਾਰੀ ਹੈ, ਛੇਤੀ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ |