ਨਿਰੰਕਾਰ ਦੀ ਰਜ਼ਾ ਵਿਚ ਜੀਊਣਾ ਹੀ ਸੱਚੀ ਸਾਧਨਾ ਹੈ - ਮਾਤਾ ਸੁਦੀਕਸ਼ਾ
ਅਜੀਤ ਡੈਸਕ
03-01-2026
ਮਾਤਾ ਸੁਦੀਕਸ਼ਾ ਮਹਾਰਾਜ ਨੇ ਸਤਿਸੰਗ ਵਿਚ ਫ਼ਰਮਾਇਆ ਕਿ ਨਵੇਂ ਸਾਲ ਦਾ ਪਹਿਲਾ ਦਿਨ ਸਾਨੂੰ ਸੰਤਾਂ ਦੇ ਬਚਨ ਸੁਣਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਦਾ ਮੌਕਾ ਦਿੰਦਾ ਹੈ ਜਿੱਥੇ ਸੰਸਾਰ ਨਵੇਂ ਸਾਲ ਦੀ ਸ਼ੁਰੂ ਮੌਜ਼-ਮਸਤੀ ਨਾਲ ਕਰਦਾ ਹੈ, ਉਥੇ ਸੰਤ ਸੱਚ ਅਤੇ ਸਤਿਸੰਗ ਦਾ ਰਾਹ ਚੁਣਦੇ ਹਨ | ਸੰਤ ਆਤਮ-ਮੰਥਨ ਰਾਹੀਂ ਸਕਾਰਾਤਮਕ ਪਰਿਵਰਤਨ ਲਿਆਉਂਦੇ ਹਨ | ਸਤਿਗੁਰੂ ਮਾਤਾ ਨੇ ਕਿਹਾ ਕਿ ਇਕ ਭਗਤ ਦੀ ਇਹੀ ਕਾਮਨਾ ਹੁੰਦੀ ਹੈ ਕਿ ਹਰ ਨਵਾਂ ਸਾਲ ਉਸ ਨੂੰ ਪਹਿਲਾਂ ਨਾਲੋਂ ਵੱਧ ਸੇਵਾ, ਸਿਮਰਨ ਅਤੇ ਸਤਿਸੰਗ ਨਾਲ ਜੋੜੇ, ਨਾਲ ਹੀ ਉਹ ਆਪਣੀਆਂ ਸੰਸਾਰਿਕ ਜ਼ਿੰਮੇਵਾਰੀਆਂ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾਏ | ਜਦੋਂ ਜੀਵਨ ਆਪ ਹੀ ਸੰਦੇਸ਼ ਬਣ ਜਾਵੇ ਅਤੇ ਕਰਮ ਸ਼ਬਦਾਂ ਨਾਲੋਂ ਵੱਧ ਬੋਲਣ ਲੱਗ ਪੈਣ ਤਦੋਂ ਹੀ ਸੱਚੀ ਸਾਧਨਾ ਦਾ ਸਰੂਪ ਪ੍ਰਗਟ ਹੁੰਦਾ ਹੈ | ਪੂਰੀ ਚੇਤਨ ਅਵਸਥਾ ਵਿਚ ਨਿਰੰਕਾਰ ਦੇ ਅਹਿਸਾਸ ਨਾਲ ਜੀਊਣਾ ਹੀ ਅਸਲ ਜੀਵਨ ਹੈ | ਜਦੋਂ ਮਨ ਵਿਚ ਇਹ ਭਰੋਸਾ ਪੱਕਾ ਹੋ ਜਾਵੇ ਕਿ ਕੱਲ੍ਹ ਵੀ ਦਾਤਾਰ ਦੀ ਰਜ਼ਾ ਸੀ ਅਤੇ ਅੱਜ ਵੀ ਉਸ ਦੀ ਕ੍ਰਿਪਾ ਹੈ ਤਾਂ ਚਿੰਤਾ ਆਪਣੇ ਆਪ ਮਿਟ ਜਾਂਦੀ ਹੈ ਅਤੇ ਜੀਵਨ ਸੁਖਦ ਤੇ ਸੰਤੁਲਿਤ ਬਣ ਜਾਂਦਾ ਹੈ |ਨਵਾਂ ਸਾਲ ਸਿਰਫ਼ ਤਾਰੀਕ ਦੇ ਬਦਲਾਅ ਦਾ ਨਾਂਅ ਨਹੀਂ, ਬਲਕਿ ਪ੍ਰੇਮ, ਮਿੱਠਾਸ, ਨਿਮਰਤਾ ਅਤੇ ਸਮਝ ਨੂੰ ਅਪਣਾਉਣ ਦਾ ਮੌਕਾ ਹੈ | ਮਨਮੁਟਾਅ ਅਤੇ ਵੈਰ-ਵਿਰੋਧ ਤੋਂ ਦੂਰ ਰਹਿ ਕੇ, ਦੂਜਿਆਂ ਦੇ ਭਾਵਾਂ ਨੂੰ ਸਮਝਦਿਆਂ ਦੋਸ਼ਾਂ 'ਤੇ ਪਰਦਾ ਪਾ ਕੇ ਗੁਣਾਂ ਨੂੰ ਅਪਣਾਉਣਾ ਹੀ ਸੱਚੀ ਭਗਤੀ ਹੈ | ਹਰ ਸਾਹ ਨਾਲ ਸਿਮਰਨ ਹੋਵੇ, ਹਰ ਪਲ ਵਿਚ ਨਿਰੰਕਾਰ ਦਾ ਵਾਸ ਹੋਵੇ, ਇਹੀ ਨਵੇਂ ਸਾਲ ਦਾ ਅਸਲ ਅਰਥ ਅਤੇ ਸੰਦੇਸ਼ ਹੈ |