30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਫਾਇਨਾਂਸ ਕੰਪਨੀ ਨਾਲ ਡੇਢ ਕਰੋੜ ਦਾ ਟਰੈਕਟਰ ਲੋਨ ਘੁਟਾਲਾ, 32 ਟਰੈਕਟਰ ਖੁਰਦ-ਬੁਰਦ

Ad Position 21
No active advertisement
ਅਜੀਤ ਡੈਸਕ 03-01-2026
ਡੱਬਵਾਲੀ, 2 ਜਨਵਰੀ (ਇਕਬਾਲ ਸਿੰਘ ਸ਼ਾਂਤ)-ਇਥੇ ਭੋਲੇ-ਭਾਲੇ ਲੋਕਾਂ ਨੂੰ ਛੋਟਾ-ਮੋਟਾ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਆਧਾਰ ਕਾਰਡ ਤੇ ਪੈਨ ਕਾਰਡਾਂ ਦੇ ਜ਼ਰੀਏ ਫਰਜ਼ੀ ਢੰਗ ਨਾਲ ਲੋਨ ਕਰਵਾ ਕੇ 32 ਨਿਊ ਹਾਲੈਂਡ ਟਰੈਕਟਰ ਖੁਰਦ-ਬੁਰਦ ਕਰ ਦਿੱਤੇ ਗਏ | ਘੁਟਾਲੇ ਵਿਚ ਫਾਇਨਾਂਸ ਕੰਪਨੀ ਨੂੰ ਕਰੀਬ ਡੇਢ ਕਰੋੜ ਰੁਪਏ ਦਾ ਨੁਕਸਾਨ ਪੁੱਜਿਆ ਹੈ | ਦੋਸ਼ ਹੈ ਕਿ ਇਹ ਸਾਰੀ ਸਾਜ਼ਿਸ਼ ਇੰਡਸਟਰੀਅਲ ਕੈਪਿਟਲ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਹੀ ਰਿਲੈਸ਼ਨਸ਼ਿਪ ਮੈਨੇਜਰ ਤੇ ਉਸਦੇ ਸਾਥੀਆਂ ਵਲੋਂ ਰਚੀ ਗਈ | ਵੱਡੀ ਗੱਲ ਹੈ ਕਿ ਆਧਾਰ ਕਾਰਡ ਤੇ ਪੈਨ ਕਾਰਡਾਂ ਧਾਰਕਾਂ ਨੂੰ ਟਰੈਕਟਰ ਲੋਨ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ | ਜਾਣਕਾਰੀ ਮੁਤਾਬਿਕ ਲਗਪਗ 29 ਟਰੈਕਟਰ ਡੱਬਵਾਲੀ ਸਥਿਤ ਸਿੱਧੂ ਟਰੇਡਿੰਗ ਕੰਪਨੀ (ਟਰੈਕਟਰ ਏਜੰਸੀ) ਤੋਂ ਫਾਇਨਾਂਸ ਕਰਵਾਏ ਗਏ, ਜਿਨ੍ਹਾਂ ਨੂੰ ਸ਼ੋਅਰੂਮ ਤੋਂ ਕਢਵਾ ਕੇ ਖੁਰਦ-ਬੁਰਦ ਕਰ ਦਿੱਤਾ ਗਿਆ | ਇਹ ਮੁਕੱਦਮਾ ਕੰਪਨੀ ਦੇ ਸਟੇਟ ਹੈੱਡ ਜਸਵੀਰ ਯਾਦਵ ਦੀ ਸ਼ਿਕਾਇਤ 'ਤੇ ਦਰਜ ਹੋਇਆ ਹੈ | ਆਰਥਿਕ ਅਪਰਾਧ ਸ਼ਾਖਾ ਡੱਬਵਾਲੀ ਵਲੋਂ ਪੜਤਾਲ ਉਪਰੰਤ ਰਿਲੇਸ਼ਨਸ਼ਿਪ ਮੈਨੇਜਰ ਸੂਰਜਪ੍ਰਕਾਸ਼, ਕੁਲਦੀਪ ਸਿੰਘ, ਵਰਿੰਦਰ ਉਰਫ਼ ਡਾਇਮੰਡ ਤੇ ਹੋਰਨਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਮਾਮਲੇ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਟਰੈਕਟਰ ਲੋਨਾਂ ਦੀਆਂ ਕਿਸ਼ਤਾਂ ਟੁੱਟਣ ਲੱਗੀਆਂ | ਫਾਇਨਾਂਸ ਕੰਪਨੀ ਦੇ ਅਧਿਕਾਰੀ ਦੀ ਰਿਕਵਰੀ ਲਈ ਦਸਤਾਵੇਜ਼ਾਂ 'ਚ ਦਿੱਤੇ ਪਤਿਆਂ 'ਤੇ ਪੁੱਜੇ ਤਾਂ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕਦੇ ਟਰੈਕਟਰ ਖਰੀਦਿਆ ਹੀ ਨਹੀਂ | ਕਈ ਮਾਮਲਿਆਂ ਵਿਚ ਤਾਂ ਲੋਨ ਧਾਰਕ ਦਿੱਤੇ ਪਤਿਆਂ 'ਤੇ ਰਹਿੰਦੇ ਹੀ ਨਹੀਂ ਮਿਲੇ | ਸ਼ਿਕਾਇਤਕਰਤਾ ਜਸਵੀਰ ਯਾਦਵ ਮੁਤਾਬਕ ਉਨ੍ਹਾਂ ਦੀ ਕੰਪਨੀ ਨੇ ਰਿਸਾਲਿਆਖੇੜਾ (ਜ਼ਿਲ੍ਹਾ ਸਿਰਸਾ) ਦੇ ਵਸਨੀਕ ਸੂਰਜਪ੍ਰਕਾਸ਼ ਨੂੰ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਨਿਯੁਕਤ ਕੀਤਾ ਸੀ, ਜਿਸ ਦੀ ਮੁੱਖ ਜ਼ਿੰਮੇਵਾਰੀ ਲੋਨ ਬਿਨੈਕਾਰਾਂ ਦੀ ਤਸਦੀਕ ਤੇ ਦਸਤਾਵੇਜ਼ਾਂ ਦੀ ਪੜਤਾਲ ਕਰਨੀ ਸੀ, ਪਰ ਉਸ ਨੇ 31 ਜੁਲਾਈ 2023 ਤੋਂ 23 ਮਈ 2024 ਦਰਮਿਆਨ ਐਲਨਾਬਾਦ ਵਾਸੀ ਕੁਲਦੀਪ ਸਿੰਘ ਅਤੇ ਜੋਧਕਾਂ ਨਿਵਾਸੀ ਵਰਿੰਦਰ ਉਰਫ਼ ਡਾਇਮੰਡ ਨਾਲ ਮਿਲ ਕੇ ਵੱਡੇ ਘੁਟਾਲੇ ਦੀ ਸਾਜ਼ਿਸ਼ ਰਚੀ | ਐਫ. ਆਈ. ਆਰ. ਮੁਤਾਬਕ ਮੁਲਜ਼ਮਾਂ ਦੇ ਖ਼ਿਲਾਫ਼ ਅਜਿਹੀ ਧੋਖਾਦੇਹੀ ਦਾ ਮਾਮਲਾ ਐਲਨਾਬਾਦ ਥਾਣੇ ਵਿਚ ਵੀ ਦਰਜ ਹੈ | ਸਿਟੀ ਪੁਲਿਸ ਦੇ ਮੁਖੀ ਦੇਵੀਲਾਲ ਨੇ ਦੱਸਿਆ ਕਿ ਸੂਰਜਪ੍ਰਕਾਸ਼, ਕੁਲਦੀਪ ਸਿੰਘ, ਵਰਿੰਦਰ ਤੇ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਲੋੜਵੰਦਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ-ਧਰਮਵੀਰ ਸਿੰਘ ਅਗਲੀ ਖ਼ਬਰ ਨੌਜਵਾਨਾਂ ਨੂੰ ਦੁੱਧ ਪਿਆ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ <br/>
Ad Position 24