ਨਵੀਂ ਦਿੱਲੀ, 24 ਜਨਵਰੀ (ਮਿਸਰਦੀਪ ਭਾਟੀਆ)-ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ | ਇਸ ਦੌਰਾਨ ਦਿੱਲੀ ਪੁਲਿਸ ਸਮੇਤ ਬਾਕੀ ਸੁਰੱਖਿਆ ਏਜੰਸੀਆਂ ਨੇ ਦਿੱਲੀ ਵਿਚ ਸੁਰੱਖਿਆ ਵਧਾ ਦਿੱਤੀ ਹੈ | ਇਸ ਸੰਬੰਧ 'ਚ ਦਿੱਲੀ ਪੁਲਿਸ ਨੇ ਦਿੱਲੀ ਆਉਣ ਵਾਲੀਆਂ ਸਾਰੀਆਂ ਸੜਕਾਂ ਅਤੇ ਮੁੱਖ ਰਸਤਿਆਂ 'ਤੇ ਬੈਰੀਕੇਡ ਲਗਾ ਦਿੱਤੇ ਹਨ ਅਤੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦਿੱਲੀ ਵਿਚ ਦਾਖ਼ਲ ਹੋਣ ਵਾਲੇ ਸਾਰੇ ਵਾਹਨਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ | ਕਿਸੇ ਵਾਹਨ ਜਾਂ ਵਿਅਕਤੀ ਦੇ ਸ਼ੱਕੀ ਹੋਣ 'ਤੇ ਉਨ੍ਹਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਇਸ ਤੋਂ ਇਲਾਵਾ ਰਾਜਧਾਨੀ ਵਿਚ ਇਜ਼ਰਾਈਲੀ ਸਾਫ਼ਟਵੇਅਰ ਨਾਲ ਲੈਸ ਐਫ਼. ਆਰ. ਐਸ. ਅਤੇ ਪੀ. ਟੀ. ਜੈੱਡ ਕੈਮਰਿਆਂ ਦੀ ਗਿਣਤੀ ਵਧਾਈ ਗਈ ਹੈ | ਪ੍ਰਮੁੱਖ ਰੇਲਵੇ ਸਟੇਸ਼ਨਾਂ, ਮੈਟਰੋ ਕੰਪਲੈਕਸਾਂ, ਬੱਸ ਸਟੈਂਡ, ਭੀੜ-ਭੜੱਕੇ ਵਾਲੇ ਬਾਜ਼ਾਰਾਂ ਅਤੇ ਦਿੱਲੀ ਦੇ ਆਈ. ਜੀ. ਆਈ. ਹਵਾਈ ਅੱਡੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ | ਮੋਸਟ ਵਾਂਟੇਡ ਅਤਵਾਦੀਆਂ ਦੇ ਪੋਸਟਰ ਜਨਤਕ ਥਾਵਾਂ 'ਤੇ ਲਗਾਏ ਗਏ ਹਨ | ਇਸ ਤੋਂ ਇਲਾਵਾ 26 ਜਨਵਰੀ ਨੂੰ ਫੀਲਡ ਵਿਚ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਏ. ਆਈ. ਪਾਵਰਡ ਐਨਕਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਨਾਲ ਪੁਲਿਸ ਕਰਮਚਾਰੀ ਭੀੜ-ਭੜੱਕੇ ਵਾਲੀ ਜਗ੍ਹਾ ਵਿਚ ਵੀ ਸ਼ੱਕੀਆਂ ਦੀ ਪਛਾਣ ਆਸਾਨੀ ਨਾਲ ਕਰ ਸਕਣਗੇ |