ਸਿਰਸਾ, 21 ਫਰਵਰੀ (ਭੁਪਿੰਦਰ ਪੰਨੀਵਾਲੀਆ)-ਉੱਚ ਸਿੱਖਿਆ ਨੂੰ ਹਰ ਕਿਸੇ ਲਈ ਪਹੁੰਚਯੋਗ ਬਣਾਉਣ ਦੇ ਉਦੇਸ਼ ਨਾਲ ਸਿਰਸਾ ਦੇ ਸਰਕਾਰੀ ਕਾਲਜ ਫਾਰ ਵੂਮੈਨ ਵਿਖੇ ਇਗਨੂ ਸਟੱਡੀ ਸੈਂਟਰ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਜਨਵਰੀ 2026 ਦੇ ਸੈਸ਼ਨ ਵਿਚ ਦਾਖਲੇ ਸੰਬੰਧੀ ਇਕ ਵਿਆਪਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ | ਇਗਨੂ ਸਟੱਡੀ ਸੈਂਟਰ ਦੇ ਕੋਆਰਡੀਨੇਟਰ ਡਾ. ਵਿਕਰਮਜੀਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ, ਖਾਸ ਕਰਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲਿਆਂ ਨੂੰ ਦੂਰੀ ਸਿੱਖਿਆ ਰਾਹੀਂ ਡਿਗਰੀਆਂ ਤੇ ਰੁਜ਼ਗਾਰ-ਅਧਾਰਤ ਡਿਪਲੋਮੇ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨਾ ਹੈ | ਇਸ ਮੁਹਿੰਮ ਦੇ ਹਿੱਸੇ ਵਜੋਂ ਇਗਨੂ ਸਟੱਡੀ ਸੈਂਟਰ ਸਿਰਸਾ ਦੇ ਸਟਾਫ ਨੇ ਨਾ ਸਿਰਫ਼ ਕਾਲਜ ਕੈਂਪਸ ਵਿਚ ਸਗੋਂ ਸਿਰਸਾ ਸ਼ਹਿਰ ਭਰ ਦੀਆਂ ਵੱਖ-ਵੱਖ ਨਿੱਜੀ ਲਾਇਬ੍ਰੇਰੀਆਂ 'ਚ ਵੀ ਵਿਦਿਆਰਥੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ | ਡਾ. ਵਿਕਰਮਜੀਤ ਸਿੰਘ, ਸਹਾਇਕ ਕੋਆਰਡੀਨੇਟਰ ਡਾ. ਸਤਪਾਲ ਤੇ ਸਹਾਇਕ ਲਲਿਤ ਕੁਮਾਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣੀ ਮੌਜੂਦਾ ਪੜ੍ਹਾਈ, ਨੌਕਰੀਆਂ ਜਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਸਮੇਂ ਇਗਨੂ ਦੁਆਰਾ ਮਾਨਤਾ ਪ੍ਰਾਪਤ ਡਿਗਰੀ ਜਾਂ ਡਿਪਲੋਮਾ ਕਿਵੇਂ ਪ੍ਰਾਪਤ ਕਰ ਸਕਦੇ ਹਨ | ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਰਕਾਰੀ ਕਾਲਜ ਫਾਰ ਵੂਮੈਨ ਸਿਰਸਾ ਵਿਖੇ ਸੈਂਟਰ ਕਲਾ, ਵਣਜ ਅਤੇ ਹੁਨਰ ਵਿਕਾਸ ਵਿਚ ਕਈ ਸ਼ਾਨਦਾਰ ਕੋਰਸ ਕਰਵਾਉਂਦਾ ਹੈ | ਇਨ੍ਹਾਂ ਵਿਚ ਬੀ. ਕਾਮ, ਬੀ. ਏ. ਤੇ ਐਮ. ਏ. ਸ਼ਾਮਲ ਹਨ¢ ਇਨ੍ਹਾਂ ਵਿਚ ਇਤਿਹਾਸ, ਐਮ. ਏ. ਹਿੰਦੀ, ਪੋਸ਼ਣ ਤੇ ਸਿਹਤ ਸਿੱਖਿਆ ਵਿਚ ਡਿਪਲੋਮਾ, ਅਰਲੀ ਚਾਈਲਡਹੁੱਡ ਕੇਅਰ ਤੇ ਸਿੱਖਿਆ 'ਚ ਡਿਪਲੋਮਾ ਅਤੇ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ 'ਚ ਪੋਸਟ ਗ੍ਰੈਜੂਏਟ ਡਿਪਲੋਮਾ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਜਨਵਰੀ 2026 ਸੈਸ਼ਨ ਲਈ ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਤੇ ਪਾਰਦਰਸ਼ੀ ਹੈ | ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ 28 ਫਰਵਰੀ 2026 ਹੈ |