10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 22-02-2026
ਯਮੁਨਾਨਗਰ, 21 ਫਰਵਰੀ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜ਼ੂਏਟ ਪੰਜਾਬੀ ਵਿਭਾਗ, ਹਿੰਦੀ ਵਿਭਾਗ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕਾਲਜ ਯੂਨਿਟ ਵਲੋਂ ਸਾਂਝੇ ਤੌਰ 'ਤੇ ਕਾਲਜ 'ਚ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ | ਇਸ ਮੌਕੇ ਵਿਸ਼ੇਸ਼ ਲੈਕਚਰ ਦਾ ਪ੍ਰਬੰਧ ਕੀਤਾ, ਜਿਸ ਦੌਰਾਨ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਨਰਿੰਦਰ ਪਾਲ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕਾਲਜ ਦੇ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਡਾ. ਨਰਿੰਦਰ ਪਾਲ ਸਿੰਘ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ | ਇਸ ਤੋਂ ਬਾਅਦ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਡਾ. ਭੱਲਾ ਨੇ ਕਿਹਾ ਕਿ ਅਸਲ 'ਚ ਸੰਸਾਰ 'ਚ ਮਨੁੱਖ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ, ਜਿਨ੍ਹਾਂ 'ਚ ਜਨਮ ਦੇਣ ਵਾਲੀ ਮਾਂ, ਧਰਤੀ ਮਾਂ ਤੇ ਮਾਂ-ਬੋਲੀ ਸ਼ਾਮਿਲ ਹਨ, ਪਰ ਸਾਡੀ ਬਦਕਿਸਮਤੀ ਹੈ ਕਿ ਵਿਸ਼ਵੀਕਰਨ ਦੇ ਇਸ ਦੌਰ 'ਚ ਅੱਜ ਅਸੀਂ ਇਨ੍ਹਾਂ ਤਿੰਨਾਂ ਮਾਵਾਂ ਦੇ ਮਹੱਤਵ ਨੂੰ ਭੁੱਲ ਚੁੱਕੇ ਹਾਂ ਤੇ ਕੇਵਲ ਇਨ੍ਹਾਂ ਦੇ ਨਾਂਅ 'ਤੇ ਦਿਨ ਮਨਾਉਣ ਤੱਕ ਸੀਮਿਤ ਹੋ ਕੇ ਰਹਿ ਗਏ ਹਾਂ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਨ੍ਹਾਂ ਤਿੰਨਾਂ ਮਾਵਾਂ ਦੀ ਸਾਂਭ-ਸੰਭਾਲ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ | ਇਸ ਤੋਂ ਬਾਅਦ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਤਿਲਕ ਰਾਜ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕਿਸੇ ਵਿਸ਼ੇਸ਼ ਸਮਾਜ ਵਿਚ ਵਿਚਰਦੇ ਹੋਏ ਹਰ ਮਨੁੱਖ ਦੀ ਕੋਈ ਨਾ ਕੋਈ ਮਾਂ-ਬੋਲੀ ਜਰੂਰ ਹੁੰਦੀ ਹੈ | ਆਪਣੀ ਮਾਂ-ਬੋਲੀ 'ਚ ਮਨੁੱਖ ਅਤੇ ਸਮਾਜ ਨੂੰ ਵਿਗਿਆਨ ਟੈਕਨਾਲੋਜੀ ਅਤੇ ਸਿੱਖਿਆ ਨਾਲ ਸੰਬੰਧਿਤ ਸਾਰੇ ਤੱਥ ਅਤੇ ਪੱਖ ਜਿਆਦਾ ਵਧੀਆ ਤਰੀਕੇ ਨਾਲ ਸਮਝ ਆਉਂਦੇ ਹਨ | ਉਨ੍ਹਾਂ ਚੀਨ ਅਤੇ ਜਪਾਨ ਦੀ ਗਿਆਨ ਅਤੇ ਸਿੱਖਿਆ ਪ੍ਰਣਾਲੀ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਇਹ ਮੁਲਕ ਟੈਕਨਾਲੋਜੀ ਦੇ ਮਾਮਲੇ 'ਚ ਹੋਰਨਾਂ ਕਈ ਮੁਲਕਾਂ ਤੋਂ ਇਸ ਕਾਰਨ ਅੱਗੇ ਚੱਲ ਰਹੇ ਹਨ ਕਿਉਂਕਿ ਇਥੇ ਸਿੱਖਿਆ ਅਤੇ ਗਿਆਨ ਦਾ ਮਾਧਿਅਮ ਉਨ੍ਹਾਂ ਦੀ ਆਪਣੀ ਮਾਂ-ਬੋਲੀ ਹੈ | ਇਸੇ ਦੌਰਾਨ ਮੁੱਖ ਬੁਲਾਰੇ ਡਾ. ਨਰਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੇ ਮਹੱਤਵ ਦੇ ਨਾਲ-ਨਾਲ ਮਾਤ ਭਾਸ਼ਾ ਦਿਹਾੜਾ ਮਨਾਏ ਜਾਣ ਦੀ ਆਰੰਭਤਾ ਤੇ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਮਾਤ ਭਾਸ਼ਾਵਾਂ ਦੀ ਅਜੋਕੀ ਸਥਿਤੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ | ਇਸ ਮੌਕੇ ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੇ ਪੰਜਾਬੀ ਭਾਈਚਾਰੇ ਦੀ ਮਾਨਸਿਕਤਾ 'ਚ ਮਾਂ-ਬੋਲੀ ਪੰਜਾਬੀ ਬਾਰੇ ਸਤਿਕਾਰ ਅਤੇ ਤੌਖਲਿਆਂ 'ਤੇ ਵੀ ਚਰਚਾ ਕੀਤੀ ਗਈ | ਇਸ ਦੇ ਨਾਲ ਉਨ੍ਹਾਂ ਹਰਿਆਣਾ 'ਚ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ | ਇਸ ਤੋਂ ਬਾਅਦ ਕਾਲਜ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੋਆਰਡੀਨੇਟਰ ਡਾ. ਰਜਿੰਦਰ ਸਿੰਘ ਵੋਹਰਾ ਨੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਦਾ ਸਤਿਕਾਰ ਕਰਨ ਬਾਰੇ ਪ੍ਰੇਰਿਤ ਕਰਦਿਆਂ ਆਪਣੇ ਅੰਦਰ ਨੈਤਿਕ ਕਦਰਾਂ ਕੀਮਤਾਂ ਨੂੰ ਗ੍ਰਹਿਣ ਕਰਨ ਦੀ ਤਾਕੀਦ ਕੀਤੀ | ਅੰਤ 'ਚ ਕਾਲਜ ਦੇ ਹਿੰਦੀ ਵਿਭਾਗ ਦੇ ਐਸੋਸੀਏਟ ਪ੍ਰੋ. ਡਾ. ਵਿਨੇ ਚੰਦੇਲ ਨੇ ਮੁੱਖ ਬੁਲਾਰੇ ਡਾ. ਨਰਿੰਦਰ ਪਾਲ ਸਮੇਤ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਪ੍ਰੋਗਰਾਮ ਦੌਰਾਨ ਪੰਜਾਬੀ ਵਿਭਾਗ ਦੇ ਪ੍ਰੋ. ਸੁਨੀਲ ਕੁਮਾਰ ਨਾਗਰਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ | ਇਸ ਮੌਕੇ ਡਾ. ਹੇਮੰਤ ਮਿਸ਼ਰਾ, ਡਾ. ਇਕਬਾਲ ਸਿੰਘ, ਡਾ. ਗਿਆਨ ਭੂਸ਼ਣ, ਡਾ. ਅਨੁਰਾਗ, ਸਪੋਰਟਸ ਸਾਇੰਸ ਦੇ ਡਾ. ਅਮਰਜੀਤ ਸਿੰਘ, ਪ੍ਰੋ. ਮਨੀਸ਼ਾ, ਪ੍ਰੋ. ਸ਼ਾਲਣੀ ਭਾਰਦਵਾਜ ਅਤੇ ਪ੍ਰੋ. ਨੇਹਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਕੂਲ ਢਾਣੀ ਲਾਂਬਾ ਵਿਖੇ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਇਗਨੂ ਟੀਮ ਨੇ ਵਿਦਿਆਰਥੀਆਂ ਨੂੰ ਦਾਖ਼ਲਾ ਲੈਣ ਲਈ ਪ੍ਰੇਰਿਤ ਕਰਨ ਲਈ ਮੁਹਿੰਮ ਸ਼ੁਰੂ <br/>
Ad Position 24