ਕਾਲਾਂਵਾਲੀ/ਸਿਰਸਾ, 23 ਫਰਵਰੀ (ਭੁਪਿੰਦਰ ਪੰਨੀਵਾਲੀਆ)-ਥਾਣਾ ਕਾਲਾਂਵਾਲੀ ਪੁਲੀਸ ਨੇ ਖੇਤਰ ਦੇ ਪਿੰਡ ਤਿਲੋਕੇਵਾਲਾ ਕੋਲ ਨਕਦੀ, ਫੋਨ ਤੇ ਪਰਸ ਲੁੱਟ ਦੀ ਘਟਨਾ ਨੂੰ ਸੁਲਝਾਉਂਦੇ ਹੋਏ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਨੀ ਸਿੰਘ ਵਾਸੀ ਪੱਕਾ ਸ਼ਹੀਦਾਂ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ | ਇਹ ਜਾਣਕਾਰੀ ਦਿੰਦੇ ਹੋਏ ਥਾਣਾ ਕਾਲਾਂਵਾਲੀ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ 22 ਫਰਵਰੀ 2026 ਨੂੰ ਸ਼ਿਕਾਇਤਕਰਤਾ ਰਣਜੀਤ ਸਿੰਘ ਪੁੱਤਰ ਸ਼ਿਆਮ ਸਿੰਘ ਵਾਸੀ ਦਾਦੂ ਜ਼ਿਲ੍ਹਾ ਸਿਰਸਾ ਸ਼ਿਕਾਇਤ ਦਰਜ ਕਰਵਾਈ ਸੀ ਕਿ 13 ਫਰਵਰੀ ਨੂੰ ਉਹ ਆਪਣੇ ਮੋਟਰਸਾਈਕਲ 'ਤੇ ਜਗਮਾਲਵਾਲੀ ਸ਼ਿਵਰਾਤਰੀ ਮੇਲੇ 'ਤੇ ਗਿਆ ਸੀ | ਰਾਤ 8:30 ਵਜੇ ਮੇਲੇ ਤੋਂ ਵਾਪਸ ਆਉਂਦੇ ਸਮੇਂ ਉਹ ਆਪਣੇ ਸਾਥੀ ਨਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਜਾ ਰਿਹਾ ਸੀ | ਜਿਵੇਂ ਹੀ ਉਹ ਪਿੰਡ ਤਿਲੋਕੇਵਾਲਾ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਇਕ ਅਣਪਛਾਤੇ ਵਿਅਕਤੀ ਨੇ ਟੱਕਰ ਮਾਰ ਦਿੱਤੀ | ਜਦੋਂ ਉਹ ਰੁਕੇ ਤਾਂ ਹਨੀ ਸਿੰਘ ਤੇ ਉਸਦਾ ਸਾਥੀ ਉਨ੍ਹਾਂ 'ਤੇ ਹਮਲਾ ਕਰਕੇ ਉਨ੍ਹਾਂ ਤੋਂ 30 ਹਜ਼ਾਰ ਰੁਪਏ ਨਕਦ, ਉਨ੍ਹਾਂ ਦਾ ਫ਼ੋਨ ਅਤੇ ਉਨ੍ਹਾਂ ਦਾ ਬਟੂਆ ਲੈ ਕੇ ਫਰਾਰ ਹੋ ਗਏ | ਪੁਲਿਸ ਨੇ ਥਾਣਾ ਕਾਲਾਂਵਾਲੀ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ | ਜਾਂਚ ਦੌਰਾਨ ਉਨ੍ਹਾਂ ਦੀ ਟੀਮ ਨੇ ਮਹੱਤਵਪੂਰਨ ਸੁਰਾਗ ਇਕੱਠੇ ਕੀਤੇ ਤੇ ਮੁਲਜ਼ਲ ਹਨੀ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ | ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ | ਰਿਮਾਂਡ ਦੀ ਮਿਆਦ ਦੌਰਾਨ ਇਸ ਮਾਮਲੇ ਵਿਚ ਸ਼ਾਮਿਲ ਹੋਰ ਮੁਲਜ਼ਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |