ਨਵੀਂ ਦਿੱਲੀ, 23 ਫਰਵਰੀ (ਜਗਤਾਰ ਸਿੰਘ)-ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਵਲੋਂ ਕੈਨੇਡਾ ਵਿਚ ਜਾ ਕੇ ਕੌਮ ਤੇ ਦੇਸ਼ ਨੂੰ ਬਦਨਾਮ ਕਰਨ ਵਾਲਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ | ਸੰਸਥਾ ਦੇ ਜਨਰਲ ਸਕੱਤਰ ਗੁਣਜੀਤ ਸਿੰਘ ਬਖ਼ਸ਼ੀ ਨੇ ਕਿਹਾ ਕਿ ਭਾਰਤ 'ਚੋਂ ਲੱਖਾਂ ਦੀ ਗਿਣਤੀ 'ਚ ਲੋਕ ਕਾਰੋਬਾਰ ਜਾਂ ਪੜਾਈ ਲਈ ਕੈਨੇਡਾ ਜਾਂਦੇ ਹਨ ਪਰ ਇਨ੍ਹਾਂ 'ਚੋਂ ਕੁਝ ਲੋਕ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਿਲ ਹੋ ਕੇ ਦੇਸ਼-ਕੌਮ ਦਾ ਨਾਂਅ ਬਦਨਾਮ ਕਰਨ 'ਤੇ ਤੁਲੇ ਹੋਏ ਹਨ¢ ਅਗਵਾ ਤੇ ਫਿਰੌਤੀ ਦੇ ਇਕ ਤਾਜ਼ਾ ਮਾਮਲੇ 'ਚ ਕੈਨੇਡਾ ਦੀ ਪੁਲਿਸ ਵਲੋਂ ਗਿ੍ਫ਼ਤਾਰ ਤਿੰਨ ਪੰਜਾਬੀਆਂ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਵੱਡਾ ਸਵਾਲ ਇਹ ਹੈ ਕਿ ਪੜਾਈ ਲਈ ਕੈਨੇਡਾ ਆਉਣ ਵਾਲਿਆਂ ਕੋਲ ਹਥਿਆਰ ਕਿੱਥੋਂ ਆਉਂਦੇ ਹਨ? ਉਨ੍ਹਾਂ ਕਿਹਾ ਕਿ ਕੀ ਅਜਿਹੇ ਹੀ ਲੋਕਾਂ ਨੂੰ ਲਾਲਚ ਦੇ ਕੇ ਖਾਲਿਸਤਾਨੀ ਸਮਰਥਕਾਂ ਦੁਆਰਾ ਭਾਰਤ 'ਚ ਅੱਤਵਾਦ ਦਾ ਮਾਹੌਲ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ? ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ ਕਿ ਅਜਿਹੇ ਕੌਣ ਲੋਕ ਹਨ ਜੋ ਬੇਰੁਜ਼ਗਾਰ ਵਿਦਿਆਰਥੀਆਂ ਨੂੰ ਲਾਲਚ ਦੇ ਕੇ ਪੈਸਾ ਤੇ ਹਥਿਆਰ ਮੁਹੱਈਆ ਕਰਾਉਂਦੇ ਹਨ? ਉਨ੍ਹਾਂ ਖ਼ਦਸ਼ਾ ਜਤਾਇਆ ਕਿ ਅਜਿਹੇ ਮਾਮਲਿਆਂ ਪਿੱਛੇ ਪਾਕਿਸਤਾਨ ਦੀ ਸੂਹੀਆ ਏਜੰਸੀ ਤੇ ਖ਼ਾਲਿਸਤਾਨ ਸੰਗਠਨ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕੈਨੇਡਾ ਸਰਕਾਰ ਨੂੰ ਅਜਿਹੇ ਮਾਮਲਿਆਂ ਵਿਚ ਸਖ਼ਤੀ ਵਰਤਣ ਦੀ ਅਪੀਲ ਕੀਤੀ ਹੈ ¢