ਨਵੀਂ ਦਿੱਲੀ, 23 ਫਰਵਰੀ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗਿਆਨੀ ਰਘਬੀਰ ਸਿੰਘ 'ਤੇ ਆਰ. ਐਸ. ਐਸ. ਤੇ ਭਾਜਪਾ ਦੀ ਚਾਕਰੀ ਕਰਨ ਦਾ ਦੋਸ਼ ਲਾਇਆ ਹੈ | ਸਰਨਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਨੂੰ ਪੰਥ 'ਚ ਮਾਣ-ਸਨਮਾਨ ਬਖ਼ਸ਼ਦੇ ਹੋਏ ਵੱਖ-ਵੱਖ ਧਾਰਮਿਕ ਅਹੁਦਿਆਂ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਪਰ ਇਹ ਉਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ 'ਚ ਨਾਕਾਮ ਸਾਬਤ ਰਹੇ | ਸਰਨਾ ਨੇ ਦਾਅਵਾ ਕੀਤਾ ਕਿ ਅਕਾਲ ਤਖ਼ਤ ਦੇ ਤਤਕਾਲੀ ਵੱਜੋ ਗਿਆਨੀ ਰਘਬੀਰ ਸਿੰਘ 2 ਦਸੰਬਰ 2024 ਨੂੰ ਸਿੱਖਾਂ ਨਾਲ ਜੁੜੇ ਅਹਿਮ ਮਸਲੇ ਦਾ ਫ਼ੈਸਲਾ ਨਹੀਂ ਕਰ ਸਕੇ ਤੇ ਉਨ੍ਹਾਂ ਨੇ ਇਹ ਫ਼ੈਸਲਾ ਕਰਨ ਦਾ ਅਧਿਕਾਰ ਆਰ. ਐਸ. ਐਸ. ਦੇ ਕਰਿੰਦੇ ਬਣ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੇ ਕੇ ਪੰਥ ਨੂੰ ਖੇਰੂੰ ਖੇਰੂੰ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਦਾ ਯਤਨ ਕੀਤਾ | ਸਰਨਾ ਨੇ ਕਿਹਾ ਹੁਣ ਜਦੋਂ ਅਕਾਲੀ ਦਲ ਮੁੜ ਉਭਾਰ ਵਲ ਵੱਧ ਰਿਹਾ ਹੈ ਤਾਂ ਗਿਆਨੀ ਰਘਬੀਰ ਸਿੰਘ ਨੇ ਆਰਐਸਐਸ-ਭਾਜਪਾ ਦੇ ਇਸ਼ਾਰੇ 'ਤੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਕਰਨ ਦੀ ਕੋਸ਼ਿਸ਼ ਕਰਦੇ ਹੋਏ ਝੂਠੇ ਇਲਜ਼ਾਮ ਲਾਉਣ ਸ਼ੁਰੂ ਕਰ ਦਿੱਤੇ | ਸਰਨਾ ਨੇ ਕਿਹਾ ਇਸ ਲਈ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਤੋਂ ਇਸ ਝੂਠ ਨੂੰ ਝੂਠ ਸਾਬਤ ਕਰਨ ਲਈ ਇਸ ਦੇ ਸਬੂਤ ਮੰਗੇ ਤਾਂ ਗਿਆਨੀ ਰਘਬੀਰ ਸਿੰਘ ਦਿੱਲੀ ਵਿਖੇ ਬਣਾਏ ਆਪਣੇ ਨਵੇਂ ਆਕਾਵਾਂ ਦੀ ਗੋਦ 'ਚ ਲੁਕਣ ਲਈ ਆ ਗਏ | ਸਰਨਾ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਹੀ ਪਏਗਾ ਕਿ, ਕੀ ਉਨ੍ਹਾਂ ਨੇ ਦਿੱਲੀ ਵਿਖੇ ਇਕ ਧਾਰਮਿਕ ਅਸਥਾਨ 'ਚ ਸਿਰਸਾ-ਕਾਲਕਾ ਨਾਲ ਗੁਪਤਾ ਮੀਟਿੰਗਾਂ ਕੀਤੀਆਂ ਜਾਂ ਫਿਰ ਪੰਥ ਦੀ ਪਿੱਠ 'ਚ ਛੁਰਾ ਮਾਰਨ ਬਦਲੇ ਆਪਣਾ ਇਨਾਮ ਲੈਣ ਇਨ੍ਹਾਂ ਕੋਲ ਪੁੱਜੇ ਸੀ?