ਟੋਹਾਣਾ, 27 ਮਾਰਚ (ਮਨਜੀਤ ਸਿੰਘ) - ਪੁਲਿਸ ਥਾਣਾ ਸਦਰ ਟੋਹਾਣਾ ਨੇ ਤੁਰੰਤ ਕਾਰਵਾਈ ਕਰਦਿਆਂ ਘਰੇਲੂ ਝਗੜੇ ਨੂੰ ਸੁਲਝਾਉਣ ਪਹੁੰਚੀ ਪੁਲਿਸ ਟੀਮ ਉੱਪਰ ਹਮਲਾ ਕਰਨ ਦੇ ਇੱਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਟੋਹਾਣਾ ਸਦਰ ਪੁਲਿਸ ਥਾਣਾ ਦੇ ਇੰਚਾਰਜ ਸਬ-ਇੰਸਪੈਕਟਰ ਸ਼ਾਦੀ ਰਾਮ ਨੇ ਦੱਸਿਆ ਕਿ 26 ਮਾਰਚ, 2026 ਨੂੰ ਸਵੇਰੇ 4:00 ਵਜੇ ਦੇ ਕਰੀਬ, ਖਨੌਰਾ ਪਿੰਡ ਵਿੱਚ ਇੱਕ ਅÏਰਤ ਵੱਲੋਂ ਘਰੇਲੂ ਝਗੜੇ ਸਬੰਧੀ ਡਾਇਲ 112 'ਤੇ ਕਾਲ ਆਈ | ਜਾਣਕਾਰੀ ਮਿਲਣ 'ਤੇ ਈਵੀਆਰ ਟੀਮ ਤੁਰੰਤ ਮੌਕੇ 'ਤੇ ਪਹੁੰਚੀ, ਜਿੱਥੇ ਅÏਰਤ ਨੇ ਆਪਣੇ ਪਤੀ ਦੁਆਰਾ ਹਮਲਾ ਕੀਤੇ ਜਾਣ ਦੀ ਸ਼ਿਕਾਇਤ ਕੀਤੀ | ਜਦੋਂ ਪੁਲਿਸ ਟੀਮ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਦੋਸ਼ੀ ਸਤਨਾਮ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਖਨੌਰਾ ਪਿੰਡ ਮੌਕੇ 'ਤੇ ਪਹੁੰਚਿਆ ਅਤੇ ਇੱਟ ਲੈ ਕੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ, ਉਨ੍ਹਾਂ ਨਾਲ ਬਦਸਲੂਕੀ ਕੀਤੀ | ਦੋਸ਼ੀ ਨੇ ਇੱਟ ਨਾਲ ਸਰਕਾਰੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਪੁਲਿਸ ਟੀਮ ਨਾਲ ਝੜਪ ਕਰਨ ਤੋਂ ਬਾਅਦ ਮੌਕੇ 'ਤੋਂ ਭੱਜ ਗਿਆ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ | ਇਸ ਸਬੰਧ ਵਿੱਚ ਐਫ.ਆਈ.ਆਰ. ਨੰਬਰ 47, ਮਿਤੀ 26 ਮਾਰਚ, 2026 ਨੂੰ ਟੋਹਾਣਾ ਸਦਰ ਪੁਲਿਸ ਥਾਣਾ ਵਿੱਚ ਆਈ.ਪੀ.ਸੀ. ਦੀ ਧਾਰਾ 221, 120(2), 132, 324(4), 351(2) ਅਤੇ ਪੀ.ਡੀ.ਪੀ.ਪੀ. ਐਕਟ ਦੀ ਧਾਰਾ 3 ਤਹਿਤ ਦਰਜ ਕੀਤੀ ਗਈ ਸੀ | ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ | ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ |