ਨਵੀਂ ਦਿੱਲੀ, 6 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)- ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਵਲੋਂ ਸਾਹਿਤਕ ਇਕੱਤਰਤਾ ਕੀਤੀ ਗਈ ਜਿਸ ਵਿਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਸੰਜੇ ਕੁਮਾਰ (ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਆਸਰੇ ਅਭਿਆਨ) ਨੇ ਸ਼ਿਰਕਤ ਕੀਤੀ | ਮੰਚ ਦੇ ਉਪ-ਪ੍ਰਧਾਨ ਰਮੇਸ਼ ਬੋਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਇਕੱਤਰਤਾ ਵਿਚ ਸ਼ੋਭਾ ਮਾûਰ ਬਜਿੰਦਰ ਨੇ ਕਹਾਣੀ ਅਤੇ ਰਾਜਿੰਦਰ ਬਿਆਲਾ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨਿ੍ਹਆ | ਕਵਿੱਤਰੀ ਤਰਿੰਦਰ ਕੌਰ ਨੇ ਆਪਣੀਆਂ ਵੱਖੋ-ਵੱਖਰੇ ਰੰਗ ਦੀਆਂ ਕਵਿਤਾਵਾਂ ਸੁਣਾ ਕੇ ਚੰਗੀ ਵਾਹ-ਵਾਹ ਖੱਟੀ | ਇਕੱਤਰਤਾ ਦੀ ਪ੍ਰਧਾਨਗੀ ਕਰਦੇ ਹੋਏ ਰਕੇਸ਼ ਕੁਮਾਰ ਯਾਦਵ ਨੇ ਪੇਸ਼ ਕੀਤੀਆਂ ਗਈਆਂ ਰਚਨਾਵਾਂ ਦੀ ਭਰਭੂਰ ਸ਼ਲਾਘਾ ਕੀਤੀ | ਇਸ ਮੌਕੇ 'ਤੇ ਰਾਜਿੰਦਰ ਬਿਆਲਾ ਦੀ ਨਵੀਂ ਲਿਖੀ ਪੁਸਤਕ 'ਦਾ ਬੁੱਕ ਚੈਲੇਜਿੰਗ ਦਾ ਬੁੱਕ' ਦੀ ਘੁੰਡ ਚੁਕਾਈ ਕੀਤੀ ਗਈ | ਮੰਚ ਦਾ ਸੰਚਾਲਨ ਮੰਚ ਦੇ ਜਨਰਲ ਸਕੱਤਰ ਡਾ. ਕਮਲਜੀਤ ਨੇ ਬਾਖ਼ੂਬੀ ਨਾਲ ਕੀਤਾ | ਉਨ੍ਹਾਂ ਇਸ ਮੌਕੇ 'ਤੇ ਕਿਹਾ ਕਿ ਮੰਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਲਗਾਤਾਰ ਜੁਟਿਆ ਹੋਇਆ ਹੈ ਅਤੇ ਨਾਲ ਹੀ ਹੋਰਨਾਂ ਨੂੰ ਵੀ ਆਪਣੇ ਨਾਲ ਜੋੜਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ | ਇਸ ਸਾਹਿਤਕ ਇਕੱਤਰਤਾ ਵਿਚ ਆਏ ਸਾਰੇ ਲੋਕਾਂ ਦਾ ਮੰਚ ਦੇ ਵਿੱਤ ਸਕੱਤਰ ਮਿਸਰਦੀਪ ਭਾਟੀਆ ਨੇ ਧੰਨਵਾਦ ਕੀਤਾ | ਇਸ ਮੌਕੇ 'ਤੇ ਮੰਚ ਦੇ ਵਿੱਤ ਸਕੱਤਰ ਕੁਲਦੀਪ ਸਿੰਘ, ਸਰਬਜੀਤ ਸਿੰਘ, ਜਗਤਾਰਜੀਤ ਸਿੰਘ, ਡਾ. ਲਖਵੰਤ ਸਿੰਘ, ਡਾ. ਰਜਨੀਸ਼, ਗ਼ਜ਼ਲਗੋ ਜਸਵੰਤ ਸਿੰਘ ਸੇਖਵਾਂ, ਪਰਮਜੀਤ ਕੌਰ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ |