ਨਵੀਂ ਦਿੱਲੀ, 9 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਭਾਰਤ ਮੰਡਪਮ (ਵੈੱਸਟ ਪਲਾਜ਼ਾ) ਵਿਖੇ ਤੀਸਰੇ ਐਡੀਸ਼ਨ (ਗਲੋਬਲ ਐੱਸ.ਐੱਸ.ਆਈ. ਮਲਟੀ ਸਪੈਸ਼ਲਿਟੀ ਰੋਬੋਟਿਕ ਸਰਜਨੀ ਕਾਨਫ਼ਰੰਸ (ਐੱਸ.ਐੱਮ.ਆਰ.ਐੱਸ.ਸੀ.) 2026 ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਆਧੁਨਿਕ ਚਕਿਤਸਾ ਅਤੇ ਰੱਖਿਆ ਤਕਨੀਕਾਂ ਦੀ ਇਤਿਹਾਸਕ ਝਲਕ ਵਿਖਾਈ ਦਿੱਤੀ | ਇਸ ਪ੍ਰੋਗਰਾਮ ਵਿਚ ਐੱਸ.ਐੱਸ.ਆਈ.ਆਈ. ਦੁਆਰਾ ਦੋ ਕ੍ਰਾਂਤੀਕਾਰੀ ਤਕਨੀਕੀ ਪ੍ਰੋਜੈਕਟ 'ਵਿਮਾਨਾ' ਅਤੇ ਪ੍ਰੋਜੈਕਟ 'ਆਪੇਰੀਅਨ' ਨੂੰ ਵੀ ਲਾਂਚ ਕੀਤਾ ਗਿਆ ਜੋ ਕਿ ਭਵਿੱਖ ਦੀ ਸਰਜੀਕਲ ਅਤੇ ਐਮਰਜੈਂਸੀ ਚਕਿਤਸਾ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਣ ਵਾਲੀ ਮੰਨੀ ਜਾ ਰਹੀ ਹੈ | ਇਸ ਪ੍ਰੋਗਰਾਮ ਵਿਚ ਰੋਬੋਟਿਕ ਸਰਜਰੀ, ਆਰਟੀਫਿਸ਼ਲ ਇੰਟੈਲੀਜੈਂਸ, ਟੈਲੀ ਸਰਜਰੀ ਅਤੇ ਮੋਬਾਈਲ ਆਪਰੇਟਿੰਗ ਪਲੇਟਫਾਰਮ ਜਿਹੀਆਂ ਆਧੁਨਿਕ ਤਕਨੀਕਾਂ 'ਤੇ ਚਰਚਾ ਕੀਤੀ ਗਈ | ਇਸ ਦੌਰਾਨ ਐਸ.ਐਸ.ਆਈ. 'ਮੰਤਰਾ-3' ਅਤੇ 'ਮੰਤਰਾਸਨਾ' ਦੇ ਮਾਧਿਅਮ ਨਾਲ 15 ਲਾਈਵ ਟੈਲੀ ਸਰਜਰੀ ਅਤੇ 14 ਲਾਈਵ ਸਰਜਰੀ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਪ੍ਰਤਾਪ ਰਾਵ ਜਾਦਵ ਨੇ ਕੀਤਾ | ਉਨ੍ਹਾਂ ਨੇ ਇਨ੍ਹਾਂ ਤਕਨੀਕਾਂ ਦੀ ਸ਼ਲਾਘਾ ਕੀਤੀ | ਪ੍ਰੋਜੈਕਟ 'ਵਿਮਾਨਾ' ਇਕ ਕ੍ਰਾਂਤੀਕਾਰੀ ਬੈਲਟਫੀਲਡ ਸਰਜੀਕਲ ਸਿਸਟਮ ਹੈ, ਜਿਸ ਨਾਲ ਭਾਰੀ ਸਮਰੱਥਾ ਵਾਲੇ ਡਰੋਨ ਰਾਹੀਂ, ਯੁੱਧ ਖੇਤਰ ਜਾਂ ਐਮਰਜੈਂਸੀ ਦੀ ਸਥਿਤੀ ਵਾਲੇ ਸਥਾਨਾਂ 'ਤੇ ਗੰਭੀਰ ਰੂਪ ਵਿਚ ਜ਼ਖ਼ਮੀ ਸੈਨਿਕਾਂ ਦਾ ਆਪ੍ਰੇਸ਼ਨ ਕੀਤਾ ਜਾ ਸਕਦਾ ਹੈ | ਉਪਰੋਕਤ ਪ੍ਰੋਗਰਾਮ ਸੰਬੰਧੀ ਇਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਗਈ ਅਤੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਡਾਕਟਰਾਂ ਨੇ ਦਿੱਤੇ | ਇਸਦੇ ਨਾਲ ਹੀ ਕੁਝ ਨਾਮਵਰ ਡਾਕਟਰਾਂ ਨੂੰ ਐਵਾਰਡ ਵੀ ਦਿੱਤੇ ਗਏ | ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਐਸ.ਐਸ. ਇਨੋਵੇਸ਼ਨ ਇੰਟਰਨੈਸ਼ਨਲ ਦੇ ਸੰਸਥਾਪਕ ਚੇਅਰਮੈਨ ਅਤੇ ਸੀ.ਈ.ਓ. ਡਾ. ਸੁਧੀਰ ਸ੍ਰੀਵਾਸਤਵ, ਡਾ. ਸੰਜੇ ਮਹੇਸ਼ਵਰੀ, ਡਾ. ਸੁਧੀਰ ਕੇ. ਰਾਵਲ ਅਤੇ ਹੋਰ ਕਈ ਡਾਕਟਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ |