ਨਵੀਂ ਦਿੱਲੀ, 9 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਰਸੋਈ ਗੈਸ ਦਾ ਸੰਕਟ ਘਟਣ ਦਾ ਨਾਂਅ ਨਹੀਂ ਲੈ ਰਿਹਾ, ਜਿਸ ਕਾਰਨ ਮਜ਼ਦੂਰ ਵਰਗ ਦੇ ਲੋਕ ਅਤੇ ਹੋਰ ਗਰੀਬ ਲੋਕ ਪ੍ਰੇਸ਼ਾਨ ਹੋ ਰਹੇ ਹਨ | ਉਨ੍ਹਾਂ ਨੂੰ ਰਸੋਈ ਗੈਸ 400-500 ਰੁਪਏ ਪ੍ਰਤੀ ਕਿਲੋ ਮਿਲ ਰਹੀ ਹੈ ਜੋ ਕਿ ਉਨ੍ਹਾਂ ਦੀ ਵਸ ਦੀ ਗੱਲ ਨਹੀਂ ਹੈ | ਉਸ ਦੇ ਦੂਸਰੇ ਪਾਸੇ ਲੱਕੜੀ ਤੇ ਕੋਲੇ ਦੀ ਕੀਮਤ ਵਿਚ ਪਹਿਲਾਂ ਨਾਲੋਂ ਕਾਫੀ ਵਾਧਾ ਹੋਣ ਕਰਕੇ ਮਜ਼ਦੂਰਾਂ ਤੇ ਗਰੀਬ ਲੋਕਾਂ ਦੀ ਕਮਰ ਟੁੱਟ ਗਈ ਹੈ ਅਤੇ ਉਨ੍ਹਾਂ ਦਾ ਜੀਵਨ ਨਰਕ ਬਣਦਾ ਜਾ ਰਿਹਾ ਹੈ | ਭਾਵੇਂ ਸਰਕਾਰੀ ਪੱਧਰ 'ਤੇ ਛੋਟੇ ਗੈਸ ਸਿਲੰਡਰ ਦੇਣ ਬਾਰੇ ਕਿਹਾ ਗਿਆ ਹੈ ਪ੍ਰੰਤੂ ਇਨ੍ਹਾਂ ਲੋਕਾਂ ਨੂੰ ਸਿਲੰਡਰ ਨਹੀਂ ਮਿਲ ਰਿਹਾ | ਇਸ ਤੋਂ ਇਲਾਵਾ ਢਾਬੇ, ਰੈਸਟੋਰੈਂਟ, ਰੇੜੀਆਂ ਲਗਾਉਣ ਵਾਲਾ ਆਪਣਾ ਧੰਦਾ ਬੰਦ ਕਰਨ ਲਈ ਮਜਬੂਰ ਹੋ ਗਏ ਹਨ | ਜ਼ਿਆਦਾ ਕਰਕੇ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ | ਗੈਸ ਸੰਕਟ ਦਾ ਅਸਰ ਵਿਆਹ ਸ਼ਾਦੀਆਂ 'ਤੇ ਵੀ ਬੁਰੀ ਤਰ੍ਹਾਂ ਨਾਲ ਛਾਇਆ ਹੋਇਆ ਹੈ ਕਿਉਂਕਿ ਕੈਟਰਿੰਗ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਰਕੇ ਉਹ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਨਹੀਂ ਫੜ ਰਹੇ | ਜੋ ਮਜ਼ਦੂਰ ਇੱਥੇ ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਮਕਾਨ ਮਾਲਕ ਚੁੱਲ੍ਹਾ ਜਲਾਉਣ ਨਹੀਂ ਦੇ ਰਹੇ ਜਿਸ ਕਾਰਨ ਉਨ੍ਹਾਂ ਨੂੰ ਖਾਣਾ ਬਣਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ |