ਨਵੀਂ ਦਿੱਲੀ, 9 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਵਲੋਂ ਕਲਾਸ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਅਪ੍ਰੈਲ ਦੇ ਤੀਸਰੇ ਹਫ਼ਤੇ ਤੱਕ ਜਾਰੀ ਹੋਣ ਦੀ ਸੰਭਾਵਨਾ ਹੈ | ਜਦੋਂ ਇਹ ਨਤੀਜਾ ਜਾਰੀ ਹੁੰਦਾ ਹੈ ਤਾਂ ਵਿਦਿਆਰਥੀ ਬੋਰਡ ਦੀ ਅਧਿਕਾਰਿਤ ਵੈੱਬਸਾਈਟ 'ਤੇ ਆਪਣੇ ਅੰਕ ਵੇਖ ਸਕਣਗੇ | ਸੀ.ਬੀ.ਐਸ.ਈ. ਨੇ ਦੋ ਵਾਰ ਪ੍ਰੀਖਿਆ ਪ੍ਰਣਾਲੀ ਦੀ ਪ੍ਰਕਿਰਿਆ ਲਾਗੂ ਕੀਤੀ ਹੈ | ਪਹਿਲੀ ਪ੍ਰੀਖਿਆ ਦੇ ਨਤੀਜੇ ਅਪ੍ਰੈਲ ਦੇ ਮਹੀਨੇ ਆਉਣਗੇ ਅਤੇ ਦੂਸਰੀ ਪ੍ਰੀਖਿਆ ਮਈ 2026 ਵਿਚ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਦੇ ਨਤੀਜੇ ਜੂਨ 2026 ਵਿਚ ਐਲਾਨੇ ਜਾਣਗੇ | ਵਿਦਿਆਰਥੀਆਂ ਨੂੰ ਦੂਸਰੀ ਪ੍ਰੀਖਿਆ ਵਿਚ ਕੇਵਲ ਤਿੰਨ ਵਿਸ਼ਿਆਂ ਦੇ ਅੰਕ ਸੁਧਾਰਨ ਦਾ ਹੀ ਮੌਕਾ ਮਿਲੇਗਾ | ਇਸ ਪ੍ਰੀਖਿਆ ਵਿਚ ਕੰਪਾਰਟਮੈਂਟ ਵਾਲੇ ਵਿਦਿਆਰਥੀ ਸ਼ਾਮਿਲ ਹੋਣਗੇ | ਜਿਨ੍ਹਾਂ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਹੋਈ ਹੈ ਉਹ ਆਪਣਾ ਨਤੀਜਾ ਵੇਖਣ ਦੇ ਲਈ ਉਤਸ਼ਾਹਿਤ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਹਾਸਿਲ ਕੀਤੇ ਅੰਕਾਂ ਦੇ ਆਧਾਰ 'ਤੇ ਗਿਆਰ੍ਹਵੀਂ ਕਲਾਸ ਵਿਚ ਸਾਇੰਸ, ਕਾਮਰਸ ਤੇ ਆਰਟਸ ਚੁਣਨਾ ਹੈ |