ਨਵੀਂ ਦਿੱਲੀ, 9 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਵੱਖ-ਵੱਖ ਰਾਜਾਂ ਤੋਂ ਆਏ ਸੈਂਕੜੇ ਸਾਬਕਾ ਅਰਧਸੈਨਿਕਾਂ, ਜਵਾਨਾਂ ਤੇ ਅਧਿਕਾਰੀਆਂ ਨੇ ਰਾਜਘਾਟ 'ਤੇ ਬਾਪੂ ਦੀ ਸਮਾਧੀ 'ਤੇ ਸ਼ਾਂਤੀਪੂਰਬਕ ਤਰੀਕੇ ਨਾਲ ਸੰਸਦ ਦੁਆਰਾ ਪਾਰਿਤ ਸੀ.ਏ.ਪੀ.ਐਫ. ਜਨਰਲ ਐਡਮਨੀਸਟ੍ਰੇਸ਼ਨ ਬਿੱਲ 2026 ਦਾ ਵਿਰੋਧ ਕੀਤਾ | ਇਲਾਇੰਸ ਆਫ਼ ਆਲ ਐਕਸ ਪੈਰਾਮਿਲਟਰੀ ਫੋਰਸਿਜ਼, ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਣਬੀਰ ਸਿੰਘ ਦੁਆਰਾ ਜਾਰੀ ਬਿਆਨ ਵਿਚ ਕਿਹਾ ਹੈ ਕਿ ਸਰਕਾਰ ਦੁਆਰਾ ਉਨ੍ਹਾਂ ਨੂੰ ਨਹੀਂ ਬੁਲਾਇਆ ਜਾ ਰਿਹਾ ਜਿਸ ਕਰਕੇ ਹੁਣ ਉਨ੍ਹਾਂ ਦੇ ਕੋਲ ਕੋਈ ਚਾਰਾ ਨਹੀਂ ਬਚਿਆ | ਇਨ੍ਹਾਂ ਦਾ ਕਹਿਣਾ ਹੈ ਕਿ ਸਿਪਾਹੀ ਤੋਂ ਬਣਨ ਦੇ ਵਿਚ 20 ਸਾਲ, ਫਿਰ ਇੰਸਪੈਕਟਰ ਬਣਨ ਵਿਚ 15 ਸਾਲ ਦਾ ਸਮਾਂ ਲਗਦਾ ਹੈ | ਇਸ ਤੋਂ ਇਲਾਵਾ ਉੱਚੇ ਅਹੁੱਦਿਆਂ 'ਤੇ ਪੁੱਜਣ ਲਈ ਹੋਰ ਵੀ ਸਮਾਂ ਲਗਦਾ ਹੈ | ਸ੍ਰੀ ਐਚ.ਆਰ. ਸਿੰਘ (ਸਾਬਕਾ ਏ.ਡੀ.ਜੀ.) ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਲ ਇਨਸਾਫ਼ ਨਹੀਂ ਹੋਇਆ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਦਾ ਆਉਣ ਵਾਲੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਤੇ ਜ਼ਰੂਰ ਅਸਰ ਪਵੇਗਾ | ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ 11 ਸਾਲਾਂ ਤੋਂ ਉਹਨੇ ਲਗਾਤਾਰ ਆਪਣੀਆਂ ਮੰਗਾਂ ਦੇ ਪ੍ਰਤੀ ਮੈਮੋਰੰਡਮ ਦਿੱਤੇ ਹਨ ਪ੍ਰੰਤੂ ਉਨ੍ਹਾਂ ਨੂੰ ਕਦੇ ਵੀ ਗੱਲਬਾਤ ਕਰਨ ਲਈ ਨਹੀਂ ਬੁਲਾਇਆ ਗਿਆ | ਸਾਬਕਾ ਏ.ਡੀ.ਜੀ.ਪੀ. ਸ੍ਰੀ ਐਚ.ਆਰ. ਸਿੰਘ ਨੇ ਐਲਾਨ ਕੀਤਾ ਕਿ ਜਦ ਸਰਕਾਰ ਲੱਖਾਂ ਪੈਰਾਮਿਲਟਰੀ ਫੋਰਸਿਜ਼ ਪਰਿਵਾਰਾਂ ਦੀ ਨਹੀਂ ਸੁਣ ਰਹੀ ਜਿਸ ਕਾਰਨ 15 ਜੂਨ 2026 ਨੂੰ ਸਾਰੇ ਮਿਲ ਕੇ ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਕੂਚ ਕਰਦੇ ਹੋਏ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣਗੇ |