ਨਵੀਂ ਦਿੱਲੀ, 24 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਪੱਛਮੀ ਜ਼ਿਲ੍ਹੇ ਦੀ ਪੁਲਿਸ ਗ਼ੈਰ-ਕਾਨੂੰਨੀ ਸ਼ਰਾਬ ਸਪਲਾਈ ਦੇ ਨੈੱਟਵਰਕ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਇਨ੍ਹਾਂ ਦੇ ਸਪਲਾਇਰ ਨੂੰ ਫੜਨ ਦਾ ਵੀ ਲਗਾਤਾਰ ਯਤਨ ਕਰ ਰਹੀ ਹੈ | ਪੁਲਿਸ ਨੂੰ ਇੰਦਰਪੁਰੀ ਖ਼ੇਤਰ ਵਿਚ ਨਾਜਾਇਜ਼ ਸ਼ਰਾਬ ਪ੍ਰਤੀ ਸੂਚਨਾ ਮਿਲੀ ਸੀ, ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੰਦਰਪੁਰੀ ਦੇ ਬੁੱਧ ਨਗਰ ਵਿਖੇ ਇਕ ਸ਼ੱਕੀ ਗੱਡੀ ਨੂੰ ਰੋਕਿਆ, ਪਰ ਗੱਡੀ ਦਾ ਡਰਾਈਵਰ ਤੰਗ ਗਲੀਆਂ ਵਿਚ ਭੱਜਦਾ ਹੋਇਆ ਫ਼ਰਾਰ ਹੋ ਗਿਆ | ਪੁਲਿਸ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਉਸ ਨੂੰ ਗਿ੍ਫ਼ਤਾਰ ਕਰ ਲਿਆ | ਜਦੋਂ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚ 66 ਡੱਬੇ ਵੇਖੇ, ਜਿਨ੍ਹਾਂ ਵਿਚ ਸ਼ਰਾਬ ਦੇ ਪਊਏ ਭਰੇ ਹੋਏ ਸਨ | ਇਨ੍ਹਾਂ 'ਤੇ 'ਕੇਵਲ ਹਰਿਆਣਾ ਵਿਚ ਵਿਕਰੀ' ਲਿਖਿਆ ਹੋਇਆ ਸੀ | ਪੁਲਿਸ ਨੇ ਇਹ ਸ਼ਰਾਬ ਦੇ ਡੱਬੇ ਜ਼ਬਤ ਕਰ ਲਏ | ਫੜੇ ਗਏ ਦੋਸ਼ੀ ਦੀ ਪਹਿਚਾਣ ਅਮਿਤ (45) ਪੁੱਤਰ ਧਰੁਵ ਚੰਦ ਵਾਸੀ ਇੰਦਰਪੁਰੀ, ਦਿੱਲੀ ਦੇ ਤੌਰ 'ਤੇ ਹੋਈ ਹੈ | ਇਸ ਮਾਮਲੇ ਵਿਚ ਪੁਲਿਸ ਦੀ ਟੀਮ 'ਚ ਇੰਸਪੈਕਟਰ ਰਾਜੇਸ਼ ਮੋਰੀਆ, ਐਸ. ਆਈ. ਰਣਜੀਤ ਰਾਣਾ, ਏ. ਐਸ. ਆਈ. ਓਮ ਪ੍ਰਕਾਸ਼ ਅਤੇ ਹੋਰ ਕਰਮਚਾਰੀ ਸ਼ਾਮਿਲ ਸਨ | ਵਰਨਣਯੋਗ ਹੈ ਕਿ ਪਿਛਲੇ ਦਿਨੀਂ ਵੀ ਇਸੇ ਤਰ੍ਹਾਂ ਦੀ ਨਾਜਾਇਜ਼ ਸ਼ਰਾਬ ਗੱਡੀ ਵਿਚੋਂ ਫੜੀ ਸੀ, ਜੋ ਕਿ ਹਰਿਆਣਾ ਦੀ ਸੀ | ਸਾਰੇ ਜ਼ਿਲਿ੍ਹਆਂ ਦੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਸ਼ੱਕੀ ਗੱਡੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ |