ਟੋਹਾਣਾ, 23 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਸੀਨੀਅਰ ਸਿਟੀਜ਼ਨ ਸੇਵਾ ਸਮਿਤੀ ਦੇ ਤਹਿਤ ਕੈਂਚੀ ਚੌਂਕ ਸਥਿਤ ਬਾਲਾ ਜੀ ਮੰਦਰ ਦੇ ਵਿਹੜੇ ਵਿੱਚ ਅਪ੍ਰੈਲ ਮਹੀਨੇ ਦੇ ਜਨਮਦਿਨ ਮਨਾਉਣ ਲਈ ਇੱਕ ਖ਼ੁਸ਼ੀ ਭਰਿਆ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਅਪ੍ਰੈਲ ਮਹੀਨੇ ਵਿੱਚ ਜਨਮ ਦਿਨ ਵਾਲੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ, ਕੇਕ ਕਟਵਾਇਆ ਗਿਆ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਇਹ ਪ੍ਰੋਗਰਾਮ ਸੰਸਥਾ ਦੇ ਸੰਸਥਾਪਕ ਸ਼ਸ਼ੀ ਭੂਸ਼ਣ ਗੁਪਤਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ, ਜਦਕਿ ਇਸ ਦੀ ਦੇਖ ਰੇਖ ਪ੍ਰਧਾਨ ਕਾਮਰਾਜ ਸ਼ਰਮਾ ਵੱਲੋਂ ਕੀਤੀ ਗਈ | ਮੀਡੀਆ ਪ੍ਰਭਾਰੀ ਸੁਭਾਸ਼ ਜੈਨ ਨੇ ਦੱਸਿਆ ਕਿ ਸਭ ਮੈਂਬਰਾਂ ਨੇ ਜਨਮਦਿਨ ਸਮਾਰੋਹ ਮਨਾਉਣ ਲਈ ਸੰਸਥਾ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਆਪਣੇ ਹਮ ਉਮਰ ਸਾਥੀਆਂ ਨਾਲ ਜਨਮਦਿਨ ਮਨਾਉਣ ਦਾ ਅਨੰਦ ਹੀ ਵੱਖਰਾ ਹੁੰਦਾ ਹੈ ਅਤੇ ਇਸ ਨਾਲ ਇੱਕ ਵਿਸ਼ੇਸ਼ ਮਾਣ ਮਹਿਸੂਸ ਹੁੰਦਾ ਹੈ | ਜਦੋਂ ਅਸੀਂ ਆਪਣੇ ਸਾਥੀਆਂ ਨਾਲ ਬੈਠਦੇ ਹਾਂ ਤਾਂ ਮਨ ਅਤੇ ਆਤਮਾ ਗਦ-ਗਦ ਹੋ ਜਾਂਦੀ ਹੈ ਅਤੇ ਖ਼ੁਸ਼ੀ ਦਾ ਮਾਹੌਲ ਬਣ ਜਾਂਦਾ ਹੈ, ਜਿਸ ਨਾਲ ਨਵੀਂ ਤਾਜ਼ਗੀ ਮਹਿਸੂਸ ਹੁੰਦੀ ਹੈ | ਇਸ ਮੌਕੇ ਸ਼ਸ਼ੀ ਭੂਸ਼ਣ ਗੁਪਤਾ ਨੇ ਇਕ ਪ੍ਰੇਮ ਅਤੇ ਭਾਵਪੂਰਨ ਕਵਿਤਾ ਪੇਸ਼ ਕਰ ਕੇ ਸਭ ਨੂੰ ਭਾਵੁਕ ਕਰ ਦਿੱਤਾ | ਪ੍ਰਧਾਨ ਕਾਮਰਾਜ ਸ਼ਰਮਾ ਨੇ ਕਿਹਾ ਕਿ ਸੰਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਸਾਡਾ ਮੁੱਖ ਉਦੇਸ਼ ਇਕ ਦੂਜੇ ਦੀਆਂ ਸਮੱਸਿਆਵਾਂ ਵਿੱਚ ਸਹਿਯੋਗ ਦੇਣਾ ਅਤੇ ਉਤਸ਼ਾਹ ਵਧਾਉਣਾ ਹੈ | ਇਸ ਸਮਾਗਮ ਵਿੱਚ ਸੰਸਥਾ ਦੇ ਸਾਰੇ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ |