ਡੱਬਵਾਲੀ, 24 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਸਿਰਸਾ ਲੋਕਸਭਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜਾ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਨੂੰ 'ਨਰਕ' ਦੱਸੇ ਜਾਣ ਨੂੰ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ ਮਾਣ-ਸਤਿਕਾਰ ਅਤੇ ਮਰਿਯਾਦਾ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਸਿੱਧੇ ਤੌਰ 'ਤੇ ਨਾ-ਸਹਿਣਯੋਗ ਹੈ | ਇਸ ਗੰਭੀਰ ਮੁੱਦੇ 'ਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਚੁੱਪੀ ਕੂਟਨੀਤੀ ਨਹੀਂ ਸਗੋਂ ਕਮਜ਼ੋਰੀ ਤੇ ਅਸਮਰੱਥਤਾ ਦਾ ਸੰਕੇਤ ਹੈ | ਕਾਂਗਰਸ ਦੀ ਕੌਮੀ ਜਨਰਲ ਸਕੱਤਰ ਨੇ ਇੱਕ ਜਾਰੀ ਬਿਆਨ ਵਿਚ ਆਖਿਆ ਕਿ ਭਾਜਪਾ ਸਰਕਾਰ ਦੀ ਵਿਦੇਸ਼ ਨੀਤੀ ਤੋਂ ਲਗਾਤਾਰ ਝਲਕ ਰਿਹਾ ਹੈ ਕਿ ਉਹ ਕੌਮਾਂਤਰੀ ਪੱਧਰ 'ਤੇ ਭਾਰਤ ਦੇ ਮਾਣ-ਸਤਿਕਾਰ ਦੀ ਮਜ਼ਬੂਤੀ ਨਾਲ ਰੱਖਿਆ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ | ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਦੇਸ਼ ਦੇ ਮਨ ਵਿੱਚ ਇਹ ਸੁਆਲ ਉੱਠ ਰਿਹਾ ਹੈ ਕਿ ਆਖਿਰ ਉਹ ਕਿਹੜਾ ਦਬਾਅ ਜਾਂ ਡਰ ਹੈ, ਜਿਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਨੂੰ ਸਿੱਧਾ ਸਖ਼ਤ ਜਵਾਬ ਦੇਣ ਦੀ ਹਿੰਮਤ ਨਹੀਂ ਕਰ ਪਾ ਰਹੇ | ਕੁਮਾਰੀ ਸੈਲਜਾ ਨੇ ਮੰਗ ਕੀਤੀ ਕਿ ਕੇਂਦਰ ਵੱਲੋਂ ਇਸ ਮੁੱਦੇ 'ਤੇ ਤੁਰੰਤ ਸਪਸ਼ਟ ਰਵਈਆ ਅਖਤਿਆਰ ਕਰਕੇ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੇ ਸਨਮਾਨ ਦੀ ਰੱਖਿਆ ਲਈ ਠੋਸ ਕੂਟਨੀਤਿਕ ਕਦਮ ਚੁੱਕੇ ਜਾਣ |