ਟੋਹਾਣਾ, 24 ਅਪ੍ਰੈਲ (ਮਨਜੀਤ ਸਿੰਘ) - ਜ਼ਿਲ੍ਹਾ ਫਤਿਹਾਬਾਦ ਪੁਲਿਸ ਦੀ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧੀਆਂ ਵਿਰੁੱਧ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਸੀ.ਆਈ.ਏ. ਟੋਹਾਣਾ ਨੂੰ ਇੱਕ ਮਹੱਤਵਪੂਰਨ ਸਫਲਤਾ ਮਿਲੀ ਹੈ | ਗਸ਼ਤ ਦੌਰਾਨ ਪੁਲਿਸ ਟੀਮ ਨੇ ਲਲੌਦਾ ਪਿੰਡ ਦੇ ਨੇੜੇ ਇੱਕ ਨੌਜਵਾਨ ਨੂੰ ਪੰਜ ਜ਼ਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ | ਮੁਲਜ਼ਮ ਦੀ ਪਛਾਣ ਦੀਪਕ ਉਰਫ਼ ਗੋਲਡੀ ਪੁੱਤਰ ਸ਼ਿਆਮ ਲਾਲ, ਵਾਸੀ ਪਿੰਡ ਨਾਂਗਲਾ, ਟੋਹਾਣਾ ਵਜੋਂ ਹੋਈ ਹੈ | ਸੀ.ਆਈ.ਏ. ਟੋਹਾਣਾ ਦੇ ਇੰਚਾਰਜ ਸਬ-ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਟੀਮ ਪਿੰਡ ਬਿਢਾਈ ਖੇੜਾ ਤੋਂ ਲਲੌਦਾ ਵੱਲ ਇੱਕ ਸਰਕਾਰੀ ਗੱਡੀ ਵਿਚ ਗਸ਼ਤ ਕਰ ਰਹੀ ਸੀ | ਜਦੋਂ ਟੀਮ ਪਿੰਡ ਲਲੌਦਾ ਦੇ ਸਟੇਡੀਅਮ ਵਿਚ ਪਹੁੰਚੀ ਤਾਂ ਸਾਹਮਣੇ ਤੋਂ ਆ ਰਿਹਾ ਇੱਕ ਨੌਜਵਾਨ ਅਚਾਨਕ ਪੁਲਿਸ ਗੱਡੀ ਨੂੰ ਦੇਖ ਕੇ ਘਬਰਾ ਗਿਆ, ਪਿੱਛੇ ਮੁੜਿਆ ਅਤੇ ਤੇਜ਼ੀ ਨਾਲ ਭੱਜਣ ਲੱਗਾ | ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਸ ਦਾ ਪਿੱਛਾ ਕੀਤਾ ਅਤੇ ਥੋੜ੍ਹੀ ਦੂਰੀ 'ਤੇ ਉਸ ਨੰੂ ਕਾਬੂ ਕਰ ਲਿਆ | ਤਲਾਸ਼ੀ ਲੈਣ 'ਤੇ ਦੋਸ਼ੀ ਤੋਂ ਪੰਜ ਜ਼ਿੰਦਾ ਕਾਰਤੂਸ ਬਰਾਮਦ ਹੋਏ | ਇਸ ਮਾਮਲੇ ਵਿਚ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਪੁਲਿਸ ਥਾਣਾ ਸਦਰ ਟੋਹਾਣਾ ਵਿਚ ਅਸਲਾ ਐਕਟ ਦੀ ਧਾਰਾ 25, 54 ਅਤੇ 59 ਦੇ ਤਹਿਤ ਮਾਮਲਾ ਨੰਬਰ 65/2026 ਦਰਜ ਕੀਤਾ ਗਿਆ ਹੈ | ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਚੇਤਾਵਨੀ: ਫਤਿਹਾਬਾਦ ਪੁਲਿਸ ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਸਪਲਾਈ ਕਰਨ ਵਾਲਿਆਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾ ਰਹੀ ਹੈ | ਐਸ.ਪੀ. ਨਿਕਿਤਾ ਖੱਟਰ ਨੇ ਸਪਸ਼ਟ ਕੀਤਾ ਹੈ ਕਿ ਕਾਨੂੰਨ ਵਿਵਸਥਾ ਨੂੰ ਚੁਨੌਤੀ ਦੇਣ ਵਾਲੇ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਜਨਤਾ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਗੈਰ-ਕਾਨੂੰਨੀ ਹਥਿਆਰਾਂ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ |