ਟੋਹਾਣਾ, 23 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਦੇ ਮੁੱਖ ਬਾਜ਼ਾਰ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਐਸ.ਡੀ.ਐਮ. ਟੋਹਾਣਾ ਵੱਲੋਂ ਦੁਕਾਨਾਂ ਉੱਤੇ ਪੋਲੀਥੀਨ ਦੀ ਜਾਂਚ ਦੌਰਾਨ ਚਲਾਨ ਕੱਟੇ ਗਏ ਅਤੇ ਕੁੱਝ ਦੁਕਾਨਾਂ ਨੂੰ ਸੀਲ ਕਰਨ ਦੀ ਚੇਤਾਵਨੀ ਦਿੱਤੀ ਗਈ | ਇਸ ਕਾਰਵਾਈ ਦੇ ਵਿਰੋਧ ਵਿੱਚ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ 'ਸਾਡੀ ਏਕਤਾ ਜ਼ਿੰਦਾਬਾਦ, ਟੋਹਾਣਾ ਪ੍ਰਸ਼ਾਸਨ ਮੁਰਦਾਬਾਦ, ਭਾਜਪਾ ਸਰਕਾਰ ਮੁਰਦਾਬਾਦ' ਦੇ ਨਾਅਰੇ ਲਗਾਏ ਗਏ | ਇਸ ਮੌਕੇ 'ਤੇ ਟੋਹਾਣਾ ਦੇ ਕਾਂਗਰਸੀ ਆਗੂ ਅਤੇ ਨਗਰ ਪਾਰਸ਼ਦ ਰਾਮ ਕੁਮਾਰ ਸੈਣੀ ਦੁਕਾਨਦਾਰਾਂ ਦੇ ਹੱਕ ਵਿੱਚ ਅੱਗੇ ਆਏ ਅਤੇ ਪ੍ਰਸ਼ਾਸਨ ਦੀ ਕਾਰਵਾਈ ਦਾ ਖੁੱਲ੍ਹਾ ਵਿਰੋਧ ਕੀਤਾ | ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਵਪਾਰ ਨਹੀਂ ਜਿਸ ਵਿੱਚ ਪੋਲੀਥੀਨ ਦੀ ਵਰਤੋਂ ਨਾ ਹੁੰਦੀ ਹੋਵੇ, ਇਸ ਲਈ ਸਿਰਫ਼ ਛੋਟੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ | ਉਨ੍ਹਾਂ ਨੇ ਸਵਾਲ ਉਠਾਇਆ ਕਿ ਜੇ ਪੋਲੀਥੀਨ 'ਤੇ ਪਾਬੰਦੀ ਲਗਾਉਣੀ ਹੈ ਤਾਂ ਪਹਿਲਾਂ ਉਨ੍ਹਾਂ ਫ਼ੈਕਟਰੀਆਂ ਅਤੇ ਕੰਪਨੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿੱਥੇ ਇਹ ਸਮਾਨ ਤਿਆਰ ਹੁੰਦਾ ਹੈ | ਸੈਣੀ ਨੇ ਕਿਹਾ ਕਿ ਟੋਹਾਣਾ ਵਿੱਚ ਕੋਈ ਵੀ ਪੋਲੀਥੀਨ ਬਣਾਉਣ ਵਾਲੀ ਫ਼ੈਕਟਰੀ ਨਹੀਂ ਹੈ ਅਤੇ ਇਹ ਸਮਾਨ ਬਾਹਰੋਂ ਆਉਂਦਾ ਹੈ, ਜਿਸ ਦੀ ਨਿਗਰਾਨੀ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਚਲਾਨ ਕੱਟਣ ਸਮੇਂ ਐਸ.ਡੀ.ਐਮ. ਦੇ ਨਾਲ ਕੋਈ ਅਧਿਕਾਰਤ ਟੀਮ ਮੌਜੂਦ ਨਹੀਂ ਸੀ | ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਯਕੀਨੀ ਬਣਾਏ ਕਿ ਟੋਹਾਣਾ ਦੀ ਹੱਦ ਵਿੱਚ ਬਾਹਰੋਂ ਪੋਲੀਥੀਨ ਦੀ ਆਮਦ ਨਾ ਹੋਵੇ | ਉਨ੍ਹਾਂ ਕਿਹਾ ਕਿ ਜਾਣਕਾਰੀ ਮੁਤਾਬਕ ਬਾਜ਼ਾਰ ਵਿੱਚ ਚਾਰ ਤੋਂ ਪੰਜ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਹਨ | ਸੈਣੀ ਨੇ ਇਨ੍ਹਾਂ ਚਲਾਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇ ਇਹ ਮਾਮਲਾ ਹੱਲ ਨਾ ਕੀਤਾ ਗਿਆ ਤਾਂ ਪੂਰੇ ਸ਼ਹਿਰ ਦੇ ਬਾਜ਼ਾਰ ਬੰਦ ਹੋ ਸਕਦੇ ਹਨ | ਅਖੀਰ ਵਿੱਚ ਉਨ੍ਹਾਂ ਕਿਹਾ ਕਿ ਜਲਦੀ ਹੀ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ |