ਨਵੀਂ ਦਿੱਲੀ, 2 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਗਰਮੀ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਆਪਣੇ ਅਧੀਨ ਸਕੂਲਾਂ ਵਿਚ 'ਬੀਟ ਦੀ ਹੀਟ' ਨਾਂਅ ਦੀ ਪਹਿਲ ਸ਼ੁਰੂ ਕੀਤੀ ਹੈ, ਜਿਸ ਵਿਚ ਰੋਜ਼ਾਨਾ ਹਾਈਡਰੇਸ਼ਨ ਘੰਟੀ ਵਜਾਈ ਜਾਵੇਗੀ ਅਤੇ ਸਾਰੇ ਵਿਦਿਆਰਥੀ ਓ.ਆਰ.ਐਸ. ਦਾ ਸੇਵਨ ਕਰਨਗੇ | ਇਸ ਦੇ ਨਾਲ ਹੀ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਤੇ ਉਨ੍ਹਾਂ ਦੇ ਸਰੀਰ ਵਿਚ ਲੋੜੀਂਦੇ ਪਾਣੀ ਦੀ ਮਾਤਰਾ ਰੱਖਣ ਦੇ ਮਹੱਤਵ 'ਤੇ ਜ਼ੋਰ ਦੇਣਗੇ ਤਾਂ ਕਿ ਵਿਦਿਆਰਥੀ ਗਰਮੀ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ | ਦੂਸਰੇ ਪਾਸੇ ਨਗਰ ਨਿਗਮ ਦੀ ਸਿੱਖਿਆ ਸਮਿਤੀ ਦੇ ਪ੍ਰਧਾਨ ਯੋਗੇਸ਼ ਵਰਮਾ ਦਾ ਕਹਿਣਾ ਹੈ ਕਿ ਗਰਮੀ ਨੂੰ ਵੇਖਦੇ ਹੋਏ ਸਵੇਰ ਦੇ ਸਮੇਂ ਦੀ ਪ੍ਰਾਰਥਨਾ ਨੂੰ ਸੀਮਤ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਨਾਲ ਹੀ ਖੁੱਲ੍ਹੇ ਥਾਂ 'ਤੇ ਕਲਾਸਾਂ ਦਾ ਸੰਚਾਲਨ ਬੰਦ ਕਰਨ ਲਈ ਕਿਹਾ ਗਿਆ ਹੈ | ਇਸ ਨਾਲ ਹੀ ਵਿਦਿਆਰਥੀਆਂ ਲਈ 'ਵਾਟਰ ਬੈੱਲ' ਪ੍ਰਣਾਲੀ ਵੀ ਲਾਗੂ ਕਰਨ ਬਾਰੇ ਕਿਹਾ ਗਿਆ ਹੈ ਤਾਂ ਕਿ ਵਿਦਿਆਰਥੀਆਂ ਨੂੰ ਪਾਣੀ ਪੀਣ ਲਈ ਪ੍ਰੇਰਿਤ ਕੀਤਾ ਜਾ ਸਕੇ |