ਨਵੀਂ ਦਿੱਲੀ, 3 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਅਕਾਦਮੀ ਨੇ ਸਾਂਝੇ ਤੌਰ 'ਤੇ ਜਸਵੰਤ ਦੀਦ ਦੀ 'ਵਾਰਤਕ ਸਿਰਜਣ ਪ੍ਰਕਿਰਿਆ' 'ਤੇ ਇਕ ਪ੍ਰੋਗਰਾਮ ਕਰਵਾਇਆ, ਜਿਸ ਵਿਚ ਉਨ੍ਹਾਂ ਨੇ ਆਪਣੀ ਵਾਰਤਕ ਰਚਨਾਕਾਰੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਕਿਹਾ ਕਿ ਉਨ੍ਹਾਂ ਨੂੰ ਲਿਖਣ ਦੀ ਚੇਟਕ 8ਵੀਂ ਕਲਾਸ ਤੋਂ ਹੀ ਲੱਗ ਗਈ ਸੀ ਅਤੇ ਉਦੋਂ ਉਨ੍ਹਾਂ ਨੇ ਪਹਿਲਾ ਨਾਟਕ ਲਿਖਿਆ | ਉਸ ਤੋਂ ਬਾਅਦ ਵਾਰਤਕ ਲਿਖਣ ਦੀ ਸੋਝੀ ਉਨ੍ਹਾਂ ਵਲੋਂ ਲਿਖੇ 'ਪ੍ਰੇਮ ਪੱਤਰ' ਤੋਂ ਆਈ | ਉਨ੍ਹਾਂ ਦੱਸਿਆ ਕਿ ਅੰਮਿ੍ਤਾ ਪ੍ਰੀਤਮ ਨੇ ਸਾਹਿਤਕ ਵਾਰਤਕ ਲਿਖਣ ਲਈ ਪ੍ਰੇਰਿਆ ਅਤੇ ਪੱਤਿ੍ਕਾ 'ਨਾਗਮਣੀ' ਵਿਚ ਲਿਖਣ ਲੱਗੇ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੈਗਜ਼ੀਨ 'ਹੰਸ' ਵਿਚ 'ਮਾਮੇ ਦੀ ਸ਼ਾਹਕੋਟ ਫੇਰੀ' ਬਾਰੇ ਕਵਿਤਾ ਲਿਖੀ ਅਤੇ ਨਾਲ ਹੀ ਉਨ੍ਹਾਂ ਦੀ ਪਹਿਲੀ ਪੁਸਤਕ 'ਧਰਤੀ ਹੋਰਪਰੇ' ਪ੍ਰਕਾਸ਼ਿਤ ਹੋਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ ਗੁਰਬਚਨ ਨੇ ਵੀ ਕੁਝ ਲਿਖਵਾਇਆ | ਉਨ੍ਹਾਂ ਇਹ ਵੀ ਕਿਹਾ ਕਿ ਅਨੁਭਵ ਬਿਨਾਂ ਉਨ੍ਹਾਂ ਨੇ ਇਕ ਅੱਖਰ ਵੀ ਨਹੀਂ ਲਿਖਿਆ | ਉਨ੍ਹਾਂ ਨੇ ਅਖੀਰ ਵਿਚ ਵਾਰਤਕ ਦੀਆਂ ਦੀਆਂ ਕੁਝ ਲਾਈਨਾਂ ਪੜ੍ਹ ਕੇ ਸੁਣਾਈਆਂ | ਇਸ ਪ੍ਰੋਗਰਾਮ ਵਿਚ ਵਿਦਿਆਰਥੀ ਅਤੇ ਪੰਜਾਬੀ ਵਿਭਾਗ ਦੇ ਅਧਿਆਪਕ ਵੀ ਸ਼ਾਮਿਲ ਸਨ | ਪ੍ਰੋ. ਰਵਿੰਦਰ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ |