ਵਿਆਹ ਦਾ ਜਸ਼ਨ ਮਨਾਉਂਦੇ ਚਲਾ ਦਿੱਤੀ ਗੋਲੀ
ਅਜੀਤ ਡੈਸਕ
14-05-2026
ਨਵੀਂ ਦਿੱਲੀ, 13 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਿਸ ਨੇ ਕਿ ਇਕ ਵਿਆਹ ਦੇ ਜਸ਼ਨ ਵਿਚ ਗੋਲੀ ਚਲਾ ਦਿੱਤੀ ਅਤੇ ਇਹ ਗੋਲੀ ਇਕ ਮਕਾਨ ਦੀ ਬਾਲਕੋਨੀ ਵਿਚ ਖੜ੍ਹੀ ਔਰਤ ਦੇ ਸਿਰ 'ਤੇ ਲੱਗੀ | ਇਸ ਘਟਨਾ ਤੋਂ ਬਾਅਦ ਇਹ ਦੋਸ਼ੀ ਫਰਾਰ ਹੋ ਗਿਆ ਸੀ | ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ | ਪੁਲਿਸ ਤੋਂ ਬਚਣ ਦੇ ਲਈ ਇਹ ਦੋਸ਼ੀ ਵਾਰ-ਵਾਰ ਆਪਣੇ ਟਿਕਾਣੇ ਬਦਲਦਾ ਰਿਹਾ | ਇਸ ਦੋਸ਼ੀ ਦਾ ਨਾਂਅ ਰਿਸ਼ੀ ਉਰਫ਼ ਮੰਨੂੰ ਠਾਕੁਰ (22) ਹੈ ਅਤੇ ਇਹ ਦਿੱਲੀ ਦੇ ਭਜਨਪੁਰਾ ਇਲਾਕੇ ਦਾ ਰਹਿਣ ਵਾਲਾ ਹੈ | ਜ਼ਖ਼ਮੀ ਹੋਈ ਔਰਤ ਨੂੰ ਜੀ. ਟੀ. ਬੀ.ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿਸ ਦਾ ਡਾਕਟਰ ਇਲਾਜ ਕਰ ਰਹੇ ਹਨ | ਪੁਲਿਸ ਨੂੰ ੂ ਰਿਸ਼ੀ ਦੇ ਬਾਰੇ ਇਕ ਗੁਪਤ ਸੂਚਨਾ ਮਿਲੀ ਕਿ ਉਹ ਆਪਣੇ ਇਕ ਸਾਥੀ ਨੂੰ ਸੁਲਤਾਨਪੁਰੀ ਇਲਾਕੇ ਵਿਚ ਮਿਲਣ ਆ ਰਿਹਾ ਹੈ | ਪੁਲਿਸ ਦੀ ਟੀਮ ਨੇ ਮੁਖਬਰ ਦੁਆਰਾ ਕੀਤੀ ਪਹਿਚਾਣ ਤੇ ਪੁੱਛ ਪੜਤਾਲ ਦੇ ਆਧਾਰ 'ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਉਸ ਨੇ ਸਭ ਕੁਝ ਮੰਨਿਆ ਹੈ ਕਿ ਉਹ ਇਸ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਸੀ | ਪੁਲਿਸ ਦੀ ਜਾਂਚ 'ਚ ਪਤਾ ਲੱਗਿਆ ਹੈ ਕਿ ਰਿਸ਼ੀ ਪਹਿਲਾਂ ਵੀ ਅਸਲ੍ਹਾ ਐਕਟ ਦੇ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ | ਪੁਲਿਸ ਇਸ ਤੋਂ ਹੋਰ ਵੀ ਪੁੱਛਗਿੱਛ ਕਰ ਰਹੀ ਹੈ |