ਵੀਜ਼ਾ ਧੋਖਾਧੜੀ ਤੇ ਵਿਦੇਸ਼ 'ਚ ਨੌਕਰੀ ਦਾ ਝਾਂਸਾ ਦੇ ਕੇ ਪੈਸੇ ਠੱਗਣ ਵਾਲਾ ਦੋਸ਼ੀ ਗਿ੍ਫ਼ਤਾਰ
ਅਜੀਤ ਡੈਸਕ
14-05-2026
ਨਵੀਂ ਦਿੱਲੀ, 13 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰ ਪੱਛਮੀ ਜ਼ਿਲ੍ਹੇ ਦੇ ਪੁਲਿਸ ਥਾਣਾ ਸਾਈਬਰ ਦੇ ਸਟਾਫ ਨੇ ਵੀਜ਼ਾ ਧੋਖਾਧੜੀ ਤੇ ਵਿਦੇਸ਼ਾਂ ਵਿਚ ਨੌਕਰੀ ਦਿਵਾਉਣ ਦੇ ਝਾਂਸੇ ਵਿਚ ਫਸਾ ਕੇ ਲੋਕਾਂ ਤੋਂ ਪੈਸੇ ਠੱਗਣ ਵਾਲੇ ਦੋਸ਼ੀ ਅਨੂਪ ਧਰਮੋਲ ਨੂੰ ਗਿ੍ਫ਼ਤਾਰ ਕੀਤਾ ਹੈ, ਇਸ ਨੇ 9.25 ਲੱੱਖ ਰੁਪਏ ਦੀ ਠੱਗੀ ਮਾਰੀ ਸੀ | ਇਸ ਦੇ ਕੋਲੋਂ ਪਿੁਲਸ ਨੇ ਅਪਰਾਧ ਦੇ ਵਿਚ ਵਰਤੇ ਗਏ 3 ਮੋਬਾਈਲ, ਇਕ ਲੈਪਟਾਪ ਬਰਾਮਦ ਕੀਤਾ ਹੈ | ਇਹ ਦੋਸ਼ੀ ਪਹਿਲਾਂ ਮਹਾਰਾਸ਼ਟਰ ਅਤੇ ਉੱਤਰਾਖੰਡ ਵਿਚ 3 ਧੋਖਾਧੜੀ ਦੇ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ | ਦੋਸ਼ੀ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ, ਜਿਸ ਦੀ ਉਮਰ 37 ਸਾਲ ਹੈ | ਇਸ ਮਾਮਲੇ ਦੇ ਪ੍ਰਤੀ ਦਿੱਲੀ ਦੇ ਸ਼ਾਲੀਮਾਰ ਬਾਗ ਦੇ ਇਕ ਵਿਅਕਤੀ ਨੇ ਪੁਲਿਸ ਕੋਲ 9.25 ਲੱਖ ਰੁਪਏ ਦੀ ਹੋਈ ਧੋਖਾਧੜੀ ਦੀ ਸ਼ਿਕਾਇਤ ਕੀਤੀ ਸੀ | ਇਸ ਮਾਮਲੇ ਪ੍ਰਤੀ ਪੁਲਿਸ ਨੇ ਇਕ ਟੀਮ ਬਣਾਈ, ਜਿਸ ਨੇ ਇਸ ਦੋਸ਼ੀ ਦੀ ਹਰ ਪੱਖ ਤੋਂ ਖੋਜ ਕੀਤੀ ਅਤੇ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ | ਅਖੀਰ ਪੁਲਿਸ ਨੇ ਇਸ ਨੂੰ ਮਹਾਰਾਸ਼ਟਰ ਦੇ ਇਕ ਹੋਟਲ ਵਿਚੋਂ ਗਿ੍ਫ਼ਤਾਰ ਕਰ ਲਿਆ | ਜਦੋਂ ਪੁਲਿਸ ਨੇ ਇਸ ਕੋਲੋਂ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ 3 ਸਾਲ ਪਹਿਲਾਂ ਆਪਣਾ ਘਰ ਛੱਡ ਚੁੱਕਿਆ ਹੈ ਅਤੇ ਇਸ ਧੰਦੇ ਵਿਚ ਸ਼ਾਮਿਲ ਹੋ ਗਿਆ ਸੀ | ਪੁਲਿਸ ਇਸ ਤੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ |