ਟੋਹਾਣਾ, 13 ਮਈ (ਮਨਜੀਤ ਸਿੰਘ) - ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਜੀਂਦ ਜ਼ਿਲ੍ਹੇ ਦੀਆਂ ਧੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਗਿਆਨ ਭਾਰਤੀ ਪਬਲਿਕ ਸਕੂਲ ਧਮਤਾਨ ਸਾਹਿਬ ਦੀ ਵਿਦਿਆਰਥਣ ਮੁਸਕਾਨ ਨੇ 500 ਵਿਚੋਂ 497 ਅੰਕ ਪ੍ਰਾਪਤ ਕਰ ਕੇ ਪੂਰੇ ਹਰਿਆਣਾ ਵਿਚ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ ਹੈ | ਮੁਸਕਾਨ ਦੀ ਇਸ ਵੱਡੀ ਪ੍ਰਾਪਤੀ ਨਾਲ ਧਮਤਾਨ ਸਾਹਿਬ ਅਤੇ ਆਸ-ਪਾਸ ਦੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ | ਮੁਸਕਾਨ ਦੀ ਇਸ ਕਾਮਯਾਬੀ 'ਤੇ ਪਰਿਵਾਰਕ ਮੈਂਬਰਾਂ, ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਵਲੋਂ ਉਸ ਦਾ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ | ਹਰ ਕੋਈ ਵਿਦਿਆਰਥਣ ਦੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦੀ ਪ੍ਰਸ਼ੰਸਾ ਕਰ ਰਿਹਾ ਹੈ | ਇਸੇ ਤਰ੍ਹਾਂ ਸਿੱਖਿਆ ਭਾਰਤੀ ਗਲੋਬਲ ਸਕੂਲ ਬੁਢਾਇਨ ਦੀ ਵਿਦਿਆਰਥਣ ਯੋਗਿਤਾ ਨੇ ਵੀ 497 ਅੰਕ ਹਾਸਲ ਕਰ ਕੇ ਹਰਿਆਣਾ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਦੋਵੇਂ ਵਿਦਿਆਰਥਣਾਂ ਦੀ ਇਸ ਉਪਲਬਧੀ ਨਾਲ ਜੀਂਦ ਜ਼ਿਲ੍ਹੇ ਦਾ ਮਾਣ ਵਧਿਆ ਹੈ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਪੇ੍ਰਰਨਾ ਮਿਲੀ ਹੈ |