ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਰਕਾਰੀ ਸਕੂਲਾਂ 'ਚ ਨਵਾਂ ਸੈਸ਼ਨ ਅਪ੍ਰੈਲ ਦੇ ਮਹੀਨੇ ਤੋਂ ਸ਼ੁਰੂ ਹੋ ਚੁੱਕਾ ਹੈ ਪ੍ਰੰਤੂ 6ਵੀਂ, 7ਵੀਂ ਕਲਾਸਾਂ ਤੋਂ ਇਲਾਵਾ ਪਹਿਲੀ ਤੇ ਦੂਸਰੀ ਕਲਾਸ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਨਹੀਂ ਮਿਲੀਆਂ | ਕਿਤਾਬਾਂ ਨਾ ਮਿਲਣ 'ਤੇ ਬੱਚਿਆਂ ਦੀ ਪੜ੍ਹਾਈ ਬਹੁਤ ਘੱਟ ਹੋਈ ਹੈ ਅਤੇ ਬੱਚੇ ਕਿਵੇਂ ਨਾ ਕਿਵੇਂ ਪੁਰਾਣੀਆਂ ਕਿਤਾਬਾਂ ਲੈ ਕੇ ਡੰਗ ਸਾਰ ਰਹੇ ਹਨ | ਇਸ ਦੇ ਨਾਲ ਹੀ ਅਧਿਆਪਕ ਵੀ ਬਹੁਤ ਪ੍ਰੇਸ਼ਾਨ ਹਨ, ਉਹ ਵਿਦਿਆਰਥੀਆਂ ਦੀ ਪੜ੍ਹਾਈ ਉਸ ਤਰ੍ਹਾਂ ਨਹੀਂ ਕਰਵਾ ਸਕੇ ਜਿਸ ਤਰ੍ਹਾਂ ਕਿ ਪੜ੍ਹਾਈ ਕਰਾਈ ਜਾ ਸਕਦੀ ਹੈ | ਇਸ ਦੇ ਨਾਲ ਇਹ ਵੀ ਹੈ ਕਿ ਅਧਿਆਪਕਾਂ ਦੀ ਡਿਊਟੀ ਜਨਗਣਨਾ, ਸਰਵੇ ਅਤੇ ਹੋਰ ਗੈਰ-ਸਿੱਖਿਅਕ ਕੰਮਾਂ ਦੇ ਵਿਚ ਲਗਾਈ ਗਈ ਹੈ, ਜਿਸ ਦੇ ਕਾਰਨ ਵੀ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਹੈ | ਇਨ੍ਹਾਂ ਦਿਨਾਂ ਵਿਚ ਸਰਕਾਰੀ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ | ਬੱਚਿਆਂ ਨੂੰ ਛੁੱਟੀਆਂ ਦਾ ਕੰਮ ਦੇਣ ਵਿਚ ਵੀ ਅਧਿਆਪਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਹੁਣ ਵੇਖੋ ਛੁੱਟੀਆਂ ਵਿਚ ਜਾਂ ਫਿਰ ਬਾਅਦ ਵਿਚ ਕਿਤਾਬਾਂ ਆਉਣੀਆਂ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ |