ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਪੈ ਰਹੀ ਅੰਤਾਂ ਦੀ ਗਰਮੀ ਦੇ ਕਾਰਨ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਹੀਟ ਸਟਰੋਕ ਦਾ ਪਹਿਲਾ ਮਰੀਜ਼ ਪੁੱਜਿਆ ਹੈ | ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ (21 ਮਈ) ਦਾ ਦਿਨ ਸਭ ਤੋਂ ਗਰਮ ਰਿਹਾ ਹੈ | ਗਰਮੀ ਵਧਣ ਦੇ ਕਾਰਨ ਉਧਰ ਬਿਜਲੀ ਦੀ ਮੰਗ ਵੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਹੁਣ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੋਂ ਉਪਰ ਜਾ ਰਹੀ ਹੈ | ਜਿਸ ਤਰ੍ਹਾਂ ਗਰਮੀ ਆਪਣਾ ਰੰਗ ਵਿਖਾ ਰਹੀ ਹੈ, ਇਸ ਨਾਲ ਜਾਪਦਾ ਹੈ ਕਿ ਬਿਜਲੀ ਦੀ ਮੰਗ 8500 ਮੈਗਾਵਾਟ ਤੋਂ ਵੀ ਉਪਰ ਜਾ ਸਕਦੀ ਹੈ | ਬਿਜਲੀ ਦੀ ਮੰਗ ਵਧ ਜਾਣ 'ਤੇ ਬਿਜਲੀ ਸਪਲਾਈ ਨੈਟਵਰਕ 'ਚ ਖਰਾਬੀ ਆਉਣ ਦੀ ਸਮੱਸਿਆ ਵੀ ਵਧੀ ਹੈ | ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਬਿਜਲੀ ਵੰਡ ਕੰਪਨੀਆਂ ਆਪਣੀਆਂ ਤਿਆਰੀਆਂ ਕਰ ਹਹੀਆਂ ਹਨ ਅਤੇ ਫੀਲਡ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਵਧਾ ਰਹੀਆਂ ਹਨ | ਬਿਜਲੀ ਕੰਪਨੀ ਬੀ.ਐਸ.ਈ.ਐਸ. ਰਾਜਧਾਨੀ ਪਾਵਰ ਲਿਮਟਿਡ, ਬੀ.ਐਸ.ਈ.ਐਸ. ਯਮੁਨਾ ਪਾਵਰ ਲਿਮਿਟਡ ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮਟਿਡ ਬਿਜਲੀ ਦੀ ਖਪਤ ਪ੍ਰਤੀ ਪੂਰੀ ਤਰ੍ਹਾਂ ਨਿਗਰਾਨੀ ਰੱਖ ਰਹੀਆਂ ਹਨ | ਬਿਜਲੀ ਦੀ ਜ਼ਿਆਦਾ ਮੰਗ ਵਧਣ 'ਤੇ ਅਜੇ ਬਿਜਲੀ ਦੇ ਕੱਟ ਨਹੀਂ ਲਗਾਏ ਜਾ ਰਹੇ ਅਤੇ ਬਿਜਲੀ ਦੀ ਸਪਲਾਈ ਹੋ ਰਹੀ ਹੈ |