ਨਵੀਂ ਦਿੱਲੀ, 21 ਮਈ (ਜਗਤਾਰ ਸਿੰਘ)-ਸਿੱਖ ਭਾਈਚਾਰੇ ਵੱਲੋਂ ਗੁਰਮਤਿ ਸਿਧਾਂਤਾਂ ਦੇ ਮੱਦੇਨਜ਼ਰ ਹਮੇਸ਼ਾ ਹੀ, ਬਗੈਰ ਕਿਸੇ ਵਿਤਕਰੇ ਦੇ ਲੰਗਰ ਅਤੇ ਹੋਰ ਸੇਵਾਵਾਂ ਕੀਤੀਆਂ ਜਾਂਦੀਆਂ ਹਨ, ਪਰ ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਕਿਧਰੇ ਅਸੀਂ ਜਾਣੇ ਅਨਜਾਣੇ 'ਚ ਆਪਣੇ ਹੀ ਗ਼ਰੀਬ ਤੇ ਲੋੜਵੰਦ ਸਿੱਖ ਪਰਿਵਾਰਾਂ ਦੀ ਮਦਦ ਕਰਨ ਤੋਂ ਅਵੇਸਲੇ ਤਾਂ ਨਹੀਂ ਹੋ ਗਏ ? ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਗੁਜਰਾਤ,ਗੋਆ ਤੇ ਕਰਨਾਟਕ ਦੇ ਆਨਰੇਰੀ ਇੰਚਾਰਜ ਰਾਮ ਸਿੰਘ 'ਬੰਬੇ' (ਪ੍ਰਧਾਨ ਯੂਨਾਈਟਿਡ ਸਿੰਘ ਸਭਾ ਫਾਊਾਡੇਸ਼ਨ ) ਵੱਲੋਂ ਕੀਤਾ ਗਿਆ ¢ ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਵਿਦੇਸ਼ ਵਿਚ ਕਿਧਰੇ ਵੀ ਕੋਈ ਕੁਦਰਤੀ ਆਫ਼ਤ ਜਾਂ ਹੋਰ ਮੁਸੀਬਤ ਬਣ ਜਾਵੇ ਤਾਂ ਸਿੱਖ ਭਾਈਚਾਰਾ ਸਭ ਤੋਂ ਪਹਿਲਾਂ ਮਦਦ ਲਈ ਅੱਗੇ ਪੁੱਜਦਾ ਹੈ ਅਤੇ ਬਗੈਰ ਕਿਸੇ ਵਿਤਕਰੇ ਦੇ ਮਨੁੱਖਤਾ ਦੀ ਸੇਵਾ ਵਿਚ ਜੁਟ ਜਾਂਦਾ ਹੈ ¢ ਉਨ੍ਹਾਂ ਕਿਹਾ ਕਿ ਅਜਿਹੀਆਂ ਸੇਵਾਵਾਂ ਬੇਹੱਦ ਜ਼ਰੂਰੀ ਹਨ ਪਰ ਇਸ ਦੇ ਨਾਲ ਆਪਣੇ ਗ਼ਰੀਬ ਤੇ ਲੋੜਵੰਦ ਸਿੱਖਾਂ ਦੀ ਮਦਦ ਪ੍ਰਤੀ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ¢ ਜਦੋਂ ਲੋੜਵੰਦ ਤੇ ਗ਼ਰੀਬ ਸਿੱਖਾਂ ਦੀ ਬਾਂਹ ਫੜੀ ਜਾਵੇਗੀ ਤਾਂ ਨਿਸ਼ਚਤ ਤੌਰ 'ਤੇ ਕੌਮ ਹੋਰ ਮਜ਼ਬੂਤ ਤੇ ਇੱਕਜੁੱਟ ਹੋਵੇਗੀ ¢ ਉਨ੍ਹਾਂ ਕਿਹਾ ਕਿ ਲੋੜਵੰਦ ਸਿੱਖਾਂ ਪਰਿਵਾਰਾਂ ਦੀ ਪਹਿਲ ਦੇ ਆਧਾਰ 'ਤੇ ਮਦਦ ਲਈ ਸਾਰਿਆਂ ਨੂੰ ਵਿਸ਼ੇਸ਼ ਤਵੱਜੋ ਦੇਣ ਦੀ ਲੋੜ ਹੈ ¢ ਉਨ੍ਹਾਂ ਕਿਹਾ ਕਿ ਸਾਰੀਆਂ ਗੁਰਦੁਆਰਾ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ ਤੇ ਸੁਸਾਇਟੀਆਂ ਨੂੰ ਇਸ ਸਬੰਧੀ ਰਲ ਕੇ ਇੱਕ ਵਿਸ਼ੇਸ਼ ਰਣਨੀਤੀ ਉਲੀਕਣੀ ਚਾਹੀਦੀ ਹੈ ਅਤੇ ਫਿਰ ਯੋਜਨਾਬੱਧ ਤਰੀਕੇ ਨਾਲ ਉਸ 'ਤੇ ਅਮਲ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਕੋਈ ਲੋੜਵੰਦ ਸਿੱਖ ਪਰਿਵਾਰ ਮਦਦ ਤੋਂ ਵਾਂਝਾ ਨਾ ਰਹਿ ਜਾਵੇ ¢ ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 'ਵੰਡ ਛਕੋ' ਦੇ ਸੁਨੇਹੇ ਨੂੰ ਅਮਲੀ ਜਾਮਾ ਪਹਿਨਾਉਣ ਲਈ, ਸਾਨੂੰ ਆਪਣੇ ਆਸ-ਪਾਸ ਲੋੜਵੰਦ ਸਿੱਖਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਆਰਥਿਕ, ਸਿੱਖਿਆ ਅਤੇ ਸਿਹਤ ਸੰਬੰਧੀ ਮਦਦ ਕਰਨ ਦੀ ਲੋੜ ਹੈ ¢