ਡੱਬਵਾਲੀ, 23 ਮਈ (ਇਕਬਾਲ ਸਿੰਘ ਸ਼ਾਂਤ)- ਐਚ.ਡੀ.ਐਫ਼.ਸੀ. ਬੈਂਕ ਦੀ ਹਨੂੰਮਾਨਗੜ੍ਹ ਸ਼ਾਖਾ ਵੱਲੋਂ 1.71 ਕਰੋੜ ਰੁਪਏ ਦੇ ਕਰਜ਼ੇ ਮਾਮਲੇ ਵਿੱਚ ਕਾਨੂੰਨੀ ਤੌਰ 'ਤੇ ਕਬਜ਼ੇ ਹੇਠਲੀ ਕੋਠੀ ਦਾ ਜਿੰਦਰਾ ਤੋੜ ਕੇ ਮੁੜ ਕਬਜ਼ਾ ਕਰਨ ਦੇ ਮਾਮਲੇ 'ਚ ਪੰਜਾਬ ਤੋਂ ਸੇਵਾਮੁਕਤ ਮੁੱਖ ਖੇਤੀਬਾੜੀ ਅਫਸਰ ਗੁਰਮੇਲ ਸਿੰਘ, ਰਾਜਸਥਾਨ ਦੇ ਕਿਸਾਨ ਆਗੂ ਮੰਗੇਜ਼ ਚੌਧਰੀ ਅਤੇ 40-50 ਅਣਪਛਾਤੇ ਵਿਅਕਤੀਆਂ ਖਿਲਾਫ਼ ਸਿਟੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ | ਐਚ.ਡੀ.ਐਫ਼.ਸੀ. ਬੈਂਕ ਦੇ ਲੀਗਲ ਮੈਨੇਜਰ ਵਿਸ਼ਵਜੀਤ ਸਿੰਘ ਦੀ ਸ਼ਿਕਾਇਤ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ | ਜਾਣਕਾਰੀ ਅਨੁਸਾਰ 21 ਮਈ ਨੂੰ ਗੁਰਮੇਲ ਸਿੰਘ ਨੇ ਰਾਜਸਥਾਨ ਤੇ ਹਰਿਆਣਾ ਖੇਤਰ ਦੇ ਕਿਸਾਨ ਆਗੂਆਂ ਦੀ ਹਮਾਇਤ ਨਾਲ ਬੈਂਕ ਦੇ ਕਬਜ਼ੇ ਹੇਠਲੀ ਆਪਣੀ ਕੋਠੀ ਅੱਗੇ ਧਰਨਾ ਲਗਾਇਆ ਸੀ | ਦੋਸ਼ ਹੈ ਕਿ ਇਸੇ ਦਿਨ ਗੁਰਮੇਲ ਸਿੰਘ, ਮੰਗੇਜ਼ ਚੌਧਰੀ ਅਤੇ ਹੋਰ ਲੋਕਾਂ ਨੇ ਬੈਂਕ ਵੱਲੋਂ ਲਗਾਏ ਤਾਲੇ ਤੋੜ ਦਿੱਤੇ ਅਤੇ 453.33 ਵਰਗ ਗਜ ਦੀ ਕੋਠੀ ਵਿੱਚ ਦਾਖਲ ਹੋ ਕੇ ਮੁੜ ਕਬਜ਼ਾ ਕਰ ਲਿਆ | ਇਸ ਤੋਂ ਪਹਿਲਾਂ 20 ਮਈ ਨੂੰ ਵੀ ਕਿਸਾਨ ਬੈਂਕ ਵੱਲੋਂ ਲਗਾਇਆ ਜਿੰਦਰਾ ਤੋੜਨ ਲਈ ਪੁੱਜੇ ਸਨ, ਜਿੱਥੇ ਪੁਲਿਸ ਨਾਲ ਤਲਖ਼ਕਲਾਮੀ ਹੋਈ ਸੀ | ਜ਼ਿਕਰਯੋਗ ਹੈ ਕਿ ਬੈਂਕ ਨੇ ਸਰਫੇਸੀ ਐਕਟ ਤਹਿਤ ਜ਼ਿਲ੍ਹਾ ਮੈਜਿਸਟਰੇਟ ਸਿਰਸਾ ਦੇ ਹੁਕਮਾਂ 'ਤੇ 11 ਮਾਰਚ 2026 ਨੂੰ ਜਾਇਦਾਦ 'ਤੇ ਕਬਜ਼ਾ ਲੈ ਕੇ ਜਿੰਦਰਾ ਲਾ ਦਿੱਤਾ ਸੀ | 30 ਅਪ੍ਰੈਲ ਨੂੰ ਨੀਲਾਮੀ ਲਈ ਸੇਲ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ ਅਜੇ ਬਾਕੀ ਹੈ | ਗੁਰਮੇਲ ਸਿੰਘ ਵਾਸੀ ਮਿਹਰਵਾਲਾ ਦਾ ਪੱਖ ਹੈ ਕਿ ਉਨ੍ਹਾਂ ਕਰੀਬ 15 ਸਾਲ ਪਹਿਲਾਂ ਰਾਜਸਥਾਨ ਦੀ 15 ਬਿੱਘਾ ਪੁਸ਼ਤੈਨੀ ਜ਼ਮੀਨ ਅਤੇ ਡੱਬਵਾਲੀ ਸਥਿਤ ਕੋਠੀ ਆਧਾਰ 'ਤੇ ਕਰੀਬ ਡੇਢ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜੋ ਵਿਆਜ ਸਮੇਤ 1.65 ਕਰੋੜ ਰੁਪਏ ਹੋ ਗਿਆ | ਉਨ੍ਹਾਂ ਦਾ ਦਾਅਵਾ ਹੈ ਕਿ ਉਹ ਕਰਜ਼ੇ ਦੇ ਬਦਲੇ ਕਰੀਬ 2.65 ਕਰੋੜ ਰੁਪਏ ਬੈਂਕ ਨੂੰ ਅਦਾ ਕਰ ਚੁੱਕੇ ਹਨ | ਦੂਜੇ ਪਾਸੇ ਬੈਂਕ ਦੇ ਅਧਿਕਾਰਕ ਸੂਤਰਾਂ ਮੁਤਾਬਕ ਗੁਰਮੇਲ ਸਿੰਘ ਦੇ ਖਾਤੇ 'ਚ ਕਰੀਬ 1.71 ਕਰੋੜ ਰੁਪਏ ਦਾ ਮੁੱਢਲਾ ਬਕਾਇਆ ਹੈ, ਜਦਕਿ ਵਿਆਜ ਵੱਖਰਾ ਹੈ | ਲੰਮੇ ਸਮੇਂ ਤੱਕ ਕਿਸ਼ਤਾਂ ਨਾ ਭਰਨ ਕਾਰਨ ਖਾਤਾ 2023 ਵਿੱਚ ਡਿਫ਼ਾਲਟਰ ਘੋਸ਼ਿਤ ਕਰ ਦਿੱਤਾ ਗਿਆ ਸੀ | ਸੂਤਰਾਂ ਅਨੁਸਾਰ ਅਗਸਤ 2025 ਵਿੱਚ ਗੁਰਮੇਲ ਸਿੰਘ ਨੇ ਸੈਟਲਮੈਂਟ ਤਹਿਤ 2 ਲੱਖ ਰੁਪਏ ਨਕਦ ਤੇ 3 ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਜੋ ਬਾਊਾਸ ਹੋ ਗਿਆ, ਮਗਰੋਂ ਕੋਈ ਅਦਾਇਗੀ ਨਹੀਂ ਹੋਈ | ਸਿਟੀ ਥਾਣਾ ਮੁਖੀ ਇੰਸਪੈਕਟਰ ਦੇਵੀ ਲਾਲ ਨੇ ਦੱਸਿਆ ਕਿ ਵਿਸ਼ਵਜੀਤ ਸਿੰਘ ਦੀ ਸ਼ਿਕਾਇਤ 'ਤੇ ਬੀਐਨਐਸ ਦੀ ਧਾਰਾ 191(3), 324(4), 329(4) ਅਤੇ 331(3) ਤਹਿਤ ਮੁਕੱਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ | ਮੁਕੱਦਮਾ ਦਰਜ ਹੋਣ ਮਗਰੋਂ ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਬੈਂਕ ਕੁਰਕੀਆਂ ਦੇ ਖਿਲਾਫ਼ ਜਥੇਬੰਦਕ ਸੰਘਰਸ਼ ਦੀ ਵਿਉਂਤ ਕੀਤੀ ਜਾ ਰਹੀ ਹੈ | ਕਿਸਾਨ ਆਗੂ ਰਾਕੇਸ਼ ਫਾਗੋੜੀਆ ਨੇ ਕਿਹਾ ਕਿ ਨਿੱਜੀ ਬੈਂਕਾਂ ਵੱਲੋਂ ਗੈਰਵਾਜਬ ਲਗਾ ਕੇ ਆਮ ਜਨਤਾ ਦੀ ਜੇਬ 'ਤੇ ਡਾਕਾ ਮਾਰ ਰਹੇ ਹਨ | ਡੱਬਵਾਲੀ 'ਚ ਕਿਸੇ ਵੀ ਮਕਾਨ, ਦੁਕਾਨ ਤੇ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ |