ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਾਈਬਰ ਥਾਣਾ ਦੀ ਪੁਲਿਸ ਨੇ ਆਨਲਾਈਨ ਸਾਈਬਰ ਠੱਗੀ ਮਾਰਨ ਦੇ ਮਾਮਲੇ 'ਚ ਇੱਕ ਮੁਲਜ਼ਮ ਨੂੰ ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚੋਂ ਗਿ੍ਫ਼ਤਾਰ ਕੀਤਾ ਹੈ | ਸਾਈਬਰ ਪੁਲਿਸ ਥਾਣੇ ਦੇ ਇੰਚਾਰਜ ਪ੍ਰੇਮ ਕੁਮਾਰ ਨੇ ਦੱਸਿਆ ਕਿ ਬਰਨਾਲਾ ਰੋਡ ਦੇ ਵਾਸੀ ਤਵਿੰਦਰ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੂੰ ਕੰਚਨ ਨਾਮ ਦੀ ਇੱਕ ਅÏਰਤ ਨੇ ਆਨਲਾਈਨ ਵਪਾਰ ਰਾਹੀਂ ਵੱਡੇ ਮੁਨਾਫ਼ੇ ਦਾ ਭਰੋਸਾ ਦਿਵਾਇਆ ਸੀ ਤੇ ਉਸ ਨੂੰ ਇੱਕ ਵਟਸਐਪ ਸਮੂਹ ਵਿੱਚ ਸ਼ਾਮਲ ਕੀਤਾ ਗਿਆ ਜਿੱਥੇ ਲੋਕ ਮੁਨਾਫ਼ੇ ਦੀਆਂ ਫੋਟੋ ਭੇਜ ਰਹੇ ਸਨ | ਪੀੜਤ ਨੇ ਸ਼ੁਰੂ ਵਿੱਚ ਛੋਟੇ ਕੰਮ ਪੂਰੇ ਕੀਤੇ | ਉਸ ਦਾ ਵਿਸ਼ਵਾਸ ਹਾਸਲ ਕਰਨ ਲਈ ਸਾਈਬਰ ਅਪਰਾਧੀਆਂ ਨੇ ਸ਼ੁਰੂਆਤੀ ਨਿਵੇਸ਼ ਦੇ ਦੁੱਗਣ ਪੈਸੇ ਉਸ ਦੇ ਖਾਤੇ ਵਿੱਚ ਵਾਪਸ ਭੇਜ ਦਿੱਤੇ | ਫਿਰ ਮੁਲਜ਼ਮ ਨੇ ਪੀੜਤ ਨੂੰ ਵੱਡੀ ਰਿਟਰਨ ਦਾ ਵਾਅਦਾ ਕਰਕੇ ਵੱਡੀ ਰਕਮ ਨਿਵੇਸ਼ ਕਰਨ ਲਈ ਲੁਭਾਇਆ | ਪੀੜਤ ਨੇ ਭਰੋਸੇ ਵਿੱਚ ਆ ਕੇ ਆਨਲਾਈਨ ਵਪਾਰ ਦੇ ਨਾਮ 'ਤੇ ਕੁੱਲ 5 ਲੱਖ 26 ਹਜ਼ਾਰ 200 ਦਾ ਨਿਵੇਸ਼ ਕੀਤਾ | ਜਦੋਂ ਪੀੜਤ ਨੇ ਨਿਵੇਸ਼ ਕੀਤੀ ਰਕਮ ਕਢਵਾਉਣ ਲਈ ਭੇਜੇ ਗਏ ਲਿੰਕ 'ਤੇ ਕਲਿੱਕ ਕੀਤਾ ਤਾਂ ਇਹ ਬੰਦ ਹੋ ਚੁੱਕਾ ਸੀ | ਪੀੜਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਸਾਈਬਰ ਅਪਰਾਧੀਆਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ | ਜਾਂਚ ਦੌਰਾਨ ਤਕਨੀਕੀ ਸਬੂਤਾਂ ਅਤੇ ਗੁਪਤ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਟੀਮ ਨੇ ਮੁਲਜ਼ਮ ਇਰਫਾਨ ਅਲੀ ਪੁੱਤਰ ਰਫੀਕ ਅਲੀ ਵਾਸੀ ਪਿੰਡ ਛੁੱਡੀਮੀਆਂ, ਜ਼ਿਲ੍ਹਾ ਸੀਕਰ, ਰਾਜਸਥਾਨ ਨੂੰ ਗਿ੍ਫ਼ਤਾਰ ਕਰ ਲਿਆ | ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਕਈ ਮਹੱਤਵਪੂਰਨ ਡਿਜੀਟਲ ਸਬੂਤ ਜ਼ਬਤ ਕਰ ਲਏ ਹਨ ਅਤੇ ਹੋਰ ਮੁਲਜ਼ਮਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ | ਸਿਰਸਾ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਜਾਣ ਲਿੰਕ ਸੋਸ਼ਲ ਮੀਡੀਆ ਆਈਡੀ ਜਾਂ ਆਨਲਾਈਨ ਨਿਵੇਸ਼ ਦੇ ਲਾਲਚ ਦਾ ਸ਼ਿਕਾਰ ਹੋ ਕੇ ਪੈਸੇ ਦਾ ਨਿਵੇਸ਼ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸਾਈਬਰ ਹੈਲਪਲਾਈਨ ਜਾਂ ਨਜ਼ਦੀਕੀ ਥਾਣੇ ਨੂੰ ਰਿਪੋਰਟ ਕਰਨ |