ਸਿਰਸਾ, 24 ਮਈ (ਭੁਪਿੰਦਰ ਪੰਨੀਵਾਲੀਆ)- ਥੈਲੇਸੀਮੀਆ ਸੋਸਾਇਟੀ ਅਤੇ ਇੰਡੀਅਨ ਡੈਂਟਲ ਐਸੋਸੀਏਸ਼ਨ ਦੇ ਸਾਂਝੇ ਜਤਨਾ ਨਾਲ ਸ਼ਿਵ ਸ਼ਕਤੀ ਬਲੱਡ ਬੈਂਕ 'ਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ | ਸੋਸਾਇਟੀ ਦੇ ਪ੍ਰਧਾਨ ਡਾ. ਪ੍ਰਵੀਨ ਅਰੋੜਾ ਨੇ ਖੂਨਦਾਨੀਆਂ ਨੂੰ ਹਲਾਸ਼ੇਰੀ ਦਿੰਦਿਆਂ ਦੱਸਿਆ ਕਿ ਥੈਲੇਸੀਮੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਬੱਚਿਆਂ ਨੂੰ ਮਹੀਨੇ ਵਿੱਚ ਦੋ ਵਾਰ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ | ਗਰਮੀਆਂ ਦੇ ਮੌਸਮ ਦੌਰਾਨ ਖਾਸ ਤੌਰ 'ਤੇ ਇਹ ਸਮੱਸਿਆ ਵੱਧ ਜਾਂਦੀ ਹੈ | ਡਾ. ਅਰੋੜਾ ਨੇ ਦੱਸਿਆ ਕਿ ਹਾਲ ਹੀ ਵਿੱਚ ਖੂਨਦਾਨ ਬਾਰੇ ਜਾਗਰੂਕਤਾ ਵਧੀ ਹੈ ਤੇ ਲੋਕ ਸਵੈ-ਇੱਛਾ ਨਾਲ ਦਾਨ ਕਰਨ ਲਈ ਅੱਗੇ ਵੀ ਆ ਰਹੇ ਹਨ | ਉਨ੍ਹਾਂ ਕਿਹਾ ਕਿ ਹਾਲੇ ਵੀ ਖੂਨਦਾਨ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ | ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ | ਇੱਕ ਹਫ਼ਤੇ ਦੇ ਬਿਹਤਰ ਖਾਣ-ਪੀਣ ਨਾਲ ਖੂਨ ਦੀ ਪੂਰਤੀ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਖੂਨ ਤੋਂ ਇਲਾਵਾ ਹੋਰ ਸਭ ਕੁਝ ਪੈਦਾ ਕੀਤਾ ਜਾ ਸਕਦਾ ਹੈ ਪਰ ਖੂਨ ਕਿਸੇ ਫੈਕਟਰੀ 'ਚ ਨਹੀਂ ਬਣਾਇਆ ਜਾ ਸਕਦਾ | ਇਸ ਦਾ ਬਦਲ ਇੱਕੋ ਇੱਕ ਖੂਨਦਾਨ ਹੀ ਹੈ | ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹਰ ਤੰਦਰੁਸਤ ਵਿਅਕਤੀ ਨੂੰ ਸਾਲ ਵਿੱਚ ਘੱਟੋ-ਘੱਟ ਦੋ ਵਾਰ ਖੂਨਦਾਨ ਕਰਨਾ ਚਾਹੀਦਾ ਹੈ, ਤਾਂ ਜੋ ਕੋਈ ਵੀ ਖੂਨ ਦੀ ਘਾਟ ਕਾਰਨ ਆਪਣੀ ਜਾਨ ਨਾ ਗੁਆਵੇ | ਕੈਂਪ ਵਿੱਚ ਦਰਜਨਾਂ ਲੋਕਾਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ | ਇਸ ਮੌਕੇ ਡਾ. ਮਹੀਪ ਬਸਨਲ, ਡੈਂਟਲ ਸਰਜਨ ਡਾ. ਰਾਧਾ ਗੋਇਲ, ਡਾ. ਵਿਕਾਸ ਜੈਨ, ਡਾ. ਆਸ਼ਿਮਾ ਕੰਬੋਜ, ਡਾ. ਕੁਨਾਲ ਚੋਪੜਾ, ਡਾ. ਸ਼ਕਤੀ ਸਿੰਘ , ਬਿਮਲਾ ਕਸਵਾਂ, ਭਾਗੀਰਥ ਕਸਵਾਂ, ਡਾ. ਆਰ.ਐਮ. ਅਰੋੜਾ ਸਮੇਤ ਕਈ ਖੂਨਦਾਨ ਮੌਜੂਦ ਸਨ |