ਨਵੀਂ ਦਿੱਲੀ, 28 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਯਮੁਨਾ ਦੇ ਪਾਣੀ ਦਾ ਪੱਧਰ ਘਟਣ ਨਾਲ ਦਿੱਲੀ 'ਚ ਪਾਣੀ ਦੀ ਸਮੱਸਿਆ ਆ ਖੜ੍ਹੀ ਹੋ ਗਈ ਹੈ | ਕੁਝ ਇਲਾਕਿਆਂ ਵਿਚ ਪਾਣੀ ਲਈ ਹਾਹਾਕਾਰ ਮਚੀ ਹੋਈ ਹੈ | ਖਾਸ ਕਰਕੇ ਜੇ.ਜੇ. ਬਸਤੀਆਂ, ਕਾਲੋਨੀਆਂ ਅਤੇ ਕੁੱਝ ਹੋਰ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਨਸੀਬ ਨਹੀਂ ਹੋ ਰਿਹਾ | ਪਾਣੀ ਲਈ ਟੈਂਕਰ ਆ ਤਾਂ ਰਹੇ ਹਨ ਪਰੰਤੂ ਲੋਕਾਂ ਦੀ ਉਸ ਦੇ ਨਾਲ ਪੂਰਤੀ ਨਹੀਂ ਹੋ ਰਹੀ | ਜਿਵੇਂ ਹੀ ਕੋਈ ਪਾਣੀ ਦਾ ਟੈਂਕਰ ਇਲਾਕੇ ਵਿਚ ਆਉਂਦਾ ਹੈ ਤਾਂ ਲੋਕ ਬਾਲਟੀਆਂ, ਟੈਂਕੀਆਂ ਅਤੇ ਹੋਰ ਬਰਤਨ ਲੈ ਕੇ ਭੱਜੇ ਆਉਂਦੇ ਹਨ | ਉਹ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਨ | ਵਜ਼ੀਰਾਬਾਦ ਬੈਰਾਜ਼ ਦੇ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟ ਗਿਆ ਹੈ | ਉਧਰ ਦੂਸਰੇ ਪਾਸੇ ਚੰਦਰਾਵਲ ਕੇਂਦਰ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ | ਦਿੱਲੀ ਵਿਚ ਪਾਣੀ ਦੀ ਮੰਗ ਤਕਰੀਬਨ 1300 ਐਮ.ਜੀ.ਡੀ. ਹੈ ਪਰੰਤੂ ਵਰਤਮਾਨ ਸਪਲਾਈ 900 ਐਮ.ਜੀ.ਡੀ. ਦੀ ਹੋ ਰਹੀ ਹੈ | ਪਾਣੀ ਦੀ ਕਮੀ ਦਾ ਅਸਰ ਵਿਸ਼ੇਸ਼ ਕਰਕੇ ਨਵੀਂ ਦਿੱਲੀ, ਮੱਧ ਦਿੱਲੀ, ਉੱਤਰੀ ਦਿੱਲੀ ਦੇ ਕਈ ਇਲਾਕਿਆਂ ਵਿਚ ਵੇਖਣ ਨੰੂ ਮਿਲ ਰਿਹਾ ਹੈ | ਇਸ ਤੋਂ ਇਲਾਵਾ ਪੱਛਮੀ ਦਿੱਲੀ, ਉੱਤਰ ਪੱਛਮੀ ਦਿੱਲੀ ਅਤੇ ਦੱਖਣੀ ਪੱਛਮੀ ਦਿੱਲੀ ਵਿਚ ਪਾਣੀ ਦਾ ਦਬਾਓ ਬਹੁਤ ਘੱਟ ਹੈ ਅਤੇ ਕੁੱਝ ਇਲਾਕਿਆਂ ਵਿਚ ਰੋਜ਼ਾਨਾ ਪਾਣੀ ਨਹੀਂ ਆ ਰਿਹਾ ਜਿਸ ਕਰਕੇ ਪਾਣੀ ਪ੍ਰਤੀ ਲੋਕ ਬਹੁਤ ਪ੍ਰੇਸ਼ਾਨ ਹਨ | ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੈਂਕਰਾਂ ਦੇ ਪਾਣੀ ਨਾਲ ਗੁਜ਼ਾਰਾ ਨਹੀਂ ਹੈ | ਜਲ ਬੋਰਡ ਦਾ ਕਹਿਣਾ ਹੈ ਕਿ ਗਰਮੀਆਂ ਵਿਚ ਪਾਣੀ ਦਾ ਅਕਸਰ ਸੰਕਟ ਰਹਿੰਦਾ ਹੈ ਜੋ ਕਿ ਠੀਕ ਹੋ ਜਾਵੇਗਾ | ਹਰਿਆਣਾ ਨੇ ਹੋਰ ਪਾਣੀ ਦੇਣ ਦਾ ਭਰੋਸਾ ਤਾਂ ਦਿੱਤਾ ਹੈ ਪਰੰਤੂ ਪਾਣੀ ਦੀ ਕਮੀ ਪੂਰੀ ਨਹੀਂ ਹੋ ਰਹੀ |