ਟੋਹਾਣਾ, 29 ਮਈ (ਮਨਜੀਤ ਸਿੰਘ) - ਹਰਿਆਣਾ ਦੀ ਸਿਆਸਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨੂੰ ਟੋਹਾਣਾ ਹਲਕੇ ਵਿੱਚ ਲਗਾਤਾਰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ | ਪਾਰਟੀ ਵੱਲੋਂ ਚਲਾਏ ਜਾ ਰਹੇ ਜਨ-ਜਨ ਅਭਿਆਨ ਤਹਿਤ ਅੱਜ ਟੋਹਾਣਾ ਹਲਕੇ ਦੇ ਪਿੰਡ ਕੁਲਾਂ ਅਤੇ ਅੱਕਾਂਵਾਲੀ ਵਿੱਚ ਪਾਰਟੀ ਆਗੂਆਂ ਨੇ ਆਪਣੇ ਵਰਕਰਾਂ ਅਤੇ ਸਮਰਥਕਾਂ ਨਾਲ ਮੁਲਾਕਾਤ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਪਾਰਟੀ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ | ਪਿੰਡਾਂ ਵਿੱਚ ਜੇ.ਜੇ.ਪੀ. ਦੇ ਸਮਰਥਕਾਂ ਨੇ ਆਪਣੇ ਟਰੈਕਟਰਾਂ ਅਤੇ ਹੋਰ ਵਾਹਨਾਂ ਨੂੰ ਪਾਰਟੀ ਦੇ ਹਰੇ-ਪੀਲੇ ਰੰਗਾਂ ਨਾਲ ਸਜਾਇਆ ਹੋਇਆ ਸੀ | ਕਈ ਸਮਰਥਕਾਂ ਨੇ ਆਪਣੇ ਟਰੈਕਟਰਾਂ 'ਤੇ ਜਨਨਾਇਕ ਜਨਤਾ ਪਾਰਟੀ ਦੇ ਝੰਡੇ ਅਤੇ ਸਟਿੱਕਰ ਲਗਾ ਕੇ ਪਾਰਟੀ ਪ੍ਰਤੀ ਆਪਣੀ ਇਮਾਨਦਾਰੀ ਅਤੇ ਭਰੋਸੇ ਦਾ ਪ੍ਰਗਟਾਵਾ ਕੀਤਾ | ਇਸ ਦੌਰਾਨ ਵਰਕਰਾਂ ਨੇ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਜੇ.ਜੇ.ਪੀ. ਦੀਆਂ ਨੀਤੀਆਂ ਨੂੰ ਲੋਕ ਹਿਤੈਸ਼ੀ ਦੱਸਿਆ | ਪਿੰਡ ਅੱਕਾਂਵਾਲੀ ਵਿੱਚ ਜੇ.ਜੇ.ਪੀ. ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਰਘੁਬੀਰ ਸਿੰਘ ਆਪਣੇ ਪਰਿਵਾਰ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ | ਪਾਰਟੀ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਸੰਗਠਨ ਨੂੰ ਨਵੀਂ ਤਾਕਤ ਮਿਲੇਗੀ | ਰਘੁਬੀਰ ਸਿੰਘ ਨੇ ਕਿਹਾ ਕਿ ਉਹ ਜਨਨਾਇਕ ਜਨਤਾ ਪਾਰਟੀ ਦੀਆਂ ਨੀਤੀਆਂ, ਵਿਚਾਰਧਾਰਾ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਪਾਰਟੀ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇ.ਜੇ.ਪੀ. ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਹਰ ਵਰਗ ਦੇ ਹੱਕਾਂ ਦੀ ਆਵਾਜ਼ ਬਣ ਕੇ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਹਰ ਵਰਗ ਨੂੰ ਇਨਸਾਫ਼ ਅਤੇ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਟੋਹਾਣਾ ਹਲਕੇ ਵਿੱਚ ਦਿਨੋ-ਦਿਨ ਲੋਕਾਂ ਦਾ ਭਰੋਸਾ ਜੇ.ਜੇ.ਪੀ. ਉੱਤੇ ਵੱਧ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਨਾਲ ਜੁੜ ਰਹੇ ਹਨ | ਆਗੂਆਂ ਨੇ ਕਿਹਾ ਕਿ ਵਰਕਰਾਂ ਅਤੇ ਸਮਰਥਕਾਂ ਦਾ ਇਹ ਪਿਆਰ, ਵਿਸ਼ਵਾਸ ਅਤੇ ਸਮਰਪਣ ਹੀ ਜਨਨਾਇਕ ਜਨਤਾ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਜਨ-ਜਨ ਅਭਿਆਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਹਲਕੇ ਦੇ ਹਰ ਪਿੰਡ ਅਤੇ ਹਰ ਘਰ ਤੱਕ ਪਹੁੰਚ ਕਰਕੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ | ਇਸ ਮੌਕੇ ਪਾਰਟੀ ਦੇ ਕਈ ਸੀਨੀਅਰ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ |