ਟੋਹਾਣਾ, 2 ਜੂਨ (ਪ. ਪ.) - ਜਾਖ਼ਲ ਵਿੱਚ ਰੇਲਵੇ ਓਵਰਬਿ੍ਜ (ਆਰ.ਓ.ਬੀ.) ਦੇ ਨਿਰਮਾਣ ਕਾਰਜ ਕਾਰਨ ਮੁੱਖ ਬੱਸ ਅੱਡੇ ਤੋਂ ਚੱਲਣ ਵਾਲੀਆਂ ਕੁੱਝ ਬੱਸਾਂ ਦੇ ਰੂਟ ਵਿੱਚ ਅਸਥਾਈ ਤਬਦੀਲੀ ਕੀਤੀ ਗਈ ਹੈ | ਹੁਣ ਕੁਲਾਂ, ਰਤੀਆ ਅਤੇ ਫਤਿਹਾਬਾਦ ਵੱਲ ਆਉਣ-ਜਾਣ ਵਾਲੀਆਂ ਬੱਸਾਂ ਮੁੱਖ ਬੱਸ ਸਟੈਂਡ ਦੀ ਬਜਾਏ ਜਾਖ਼ਲ ਰੇਲਵੇ ਸਟੇਸ਼ਨ ਦੀ ਟਿਕਟ ਖਿੜਕੀ ਨੇੜੇ ਬਣਾਏ ਗਏ ਅਸਥਾਈ ਬੱਸ ਸਟੈਂਡ ਤੋਂ ਚੱਲਣਗੀਆਂ | ਪ੍ਰਸ਼ਾਸਨ ਅਤੇ ਆਵਾਜਾਈ ਵਿਭਾਗ ਵੱਲੋਂ ਬੱਸ ਸੰਚਾਲਕਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 6:30 ਵਜੇ ਤੱਕ ਨਿਰਧਾਰਿਤ ਸਮਾਂ-ਸਾਰਣੀ ਦੀ ਪਾਲਣਾ ਕਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ | ਯਾਤਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਭਰਮ ਵਿੱਚ ਨਾ ਪੈਣ ਅਤੇ ਸਿੱਧੇ ਨਵੇਂ ਅਸਥਾਈ ਬੱਸ ਸਟੈਂਡ 'ਤੇ ਪਹੁੰਚਣ | ਜਾਣਕਾਰੀ ਅਨੁਸਾਰ ਰੇਲਵੇ ਡਬਲ ਟਰੈਕਿੰਗ ਅਤੇ ਓਵਰਬਿ੍ਜ ਨਿਰਮਾਣ ਕਾਰਜ ਤਹਿਤ ਕਰੀਬ 45 ਮੀਟਰ ਖੇਤਰ ਵਿੱਚ ਰੇਲਵੇ ਟਰੈਕ ਨੂੰ ਉੱਚਾ ਕੀਤਾ ਜਾ ਰਿਹਾ ਹੈ | ਇਸ ਕਾਰਨ ਮੁੱਖ ਬੱਸ ਅੱਡੇ ਤੱਕ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਯਾਤਰੀਆਂ ਦੀ ਸਹੂਲਤ ਲਈ ਇਹ ਨਵਾਂ ਪ੍ਰਬੰਧ ਕੀਤਾ ਗਿਆ ਹੈ | ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਬੱਸ ਸੰਚਾਲਕਾਂ ਅਤੇ ਸਥਾਨਕ ਪ੍ਰਸ਼ਾਸਨ ਦੀ ਆਪਸੀ ਸਹਿਮਤੀ ਨਾਲ ਲਿਆ ਗਿਆ ਹੈ | ਰੇਲਵੇ ਟਿਕਟ ਖਿੜਕੀ (ਪੁਲਿਸ ਥਾਣੇ ਨੇੜੇ) ਦੇ ਕੋਲ ਅਸਥਾਈ ਬੱਸ ਠਹਿਰਾਅ ਬਣਾਇਆ ਗਿਆ ਹੈ, ਜਿਸ ਨਾਲ ਰੇਲ ਯਾਤਰੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਓਵਰਬਿ੍ਜ ਦਾ ਨਿਰਮਾਣ ਕੰਮ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਬੱਸ ਸੇਵਾਵਾਂ ਮੁੜ ਪਹਿਲਾਂ ਵਾਂਗ ਸੁਚਾਰੂ ਢੰਗ ਨਾਲ ਚੱਲ ਸਕਣ |