ਨਵੀਂ ਦਿੱਲੀ, 15 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਹਲਕੀ ਬਾਰਿਸ਼ ਪੈਣ 'ਤੇ ਮੌਸਮ ਦਾ ਮਿਜ਼ਾਜ ਕੁਝ ਬਦਲਿਆ ਲੱਗ ਰਿਹਾ ਹੈ ਲੇਕਿਨ ਫਿਰ ਵੀ ਗਰਮੀ ਪਿੱਛਾ ਨਹੀਂ ਛੱਡ ਰਹੀ | ਦਿੱਲੀ ਅਤੇ ਐਨ.ਸੀ.ਆਰ. ਵਿਚ ਕੁਝ ਥਾਵਾਂ 'ਤੇ ਥੋੜੀ ਬਾਰਿਸ਼ ਹੋਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ | ਮੌਸਮ ਵਿਭਾਗ ਦਾ ਕਹਿਣਾ ਹੈ ਕਿ 20 ਜੂਨ ਤੱਕ ਅਧਿਕਤਮ ਤਾਪਮਾਨ 41 ਤੋਂ 42 ਡਿਗਰੀ ਸੈਲਸੀਅਸ ਤੱਕ ਪੁੱਜਣ ਦਾ ਅਨੁਮਾਨ ਹੈ | ਦਿੱਲੀ-ਜੈਪੁਰ ਹਾਈਵੇ 'ਤੇ ਟਰੈਫਿਕ ਜਾਮ ਰਹਿਣ ਕਰਕੇ ਆਵਾਜਾਈ ਵਿਚ ਥੋੜ੍ਹੀ ਰੁਕਾਵਟ ਆਈ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਦਿੱਲੀ ਦੇ ਮਹਿਰੌਲੀ, ਤੁਗਲਕਾਬਾਦ, ਛਤਰਪੁਰ, ਆਇਆ ਨਗਰ ਅਤੇ ਡੇਰਾਮੰਡੀ ਆਦਿ ਖੇਤਰਾਂ ਵਿਚ ਰੁਕ-ਰੁਕ ਕੇ ਹਲਕੀ ਬਾਰਿਸ਼ ਹੋ ਸਕਦੀ ਹੈ | ਦਿੱਲੀ ਦੇ ਕਈ ਇਲਾਕਿਆਂ ਵਿਚ ਕਦੇ ਧੁੱਪ, ਕਦੇ ਛਾਂ ਤੇ ਕਦੇ ਬੱਦਲਾਂ ਦਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ | ਪਿਛਲੇ ਦਿਨਾਂ ਨਾਲੋਂ ਬਿਜਲੀ ਦੀ ਮੰਗ ਵਿਚ ਥੋੜ੍ਹਾ ਫਰਕ ਪਿਆ ਹੈ ਕਿਉਂਕਿ ਘਰਾਂ, ਦਫ਼ਤਰਾਂ, ਫੈਕਟਰੀਆਂ ਤੇ ਹੋਰ ਥਾਵਾਂ 'ਤੇ ਕੂਲਰਾਂ ਤੇ ਏ.ਸੀ. ਦੀ ਘੱਟ ਵਰਤੋਂ ਹੋ ਰਹੀ ਹੈ |