ਨਵੀਂ ਦਿੱਲੀ, 15 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਲਕਸ਼ਮੀ ਨਗਰ ਥਾਣੇ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਨਾਲ ਹੀ ਚੋਰੀ ਦਾ ਸਾਮਾਨ ਖਰੀਦਣ ਵਾਲੇ ਦੁਕਾਨਦਾਰ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਝਪਟਮਾਰਾਂ ਦੇ ਨਾਂਅ ਦੇਵ ਉਰਫ ਤਰੁਣ (27) ਨਿਵਾਸੀ ਗੀਤਾ ਕਾਲੋਨੀ ਦਿੱਲੀ ਅਤੇ ਵੇਦ ਪ੍ਰਕਾਸ਼ (33) ਨਿਵਾਸੀ ਲਕਸ਼ਮੀ ਨਗਰ ਦਿੱਲੀ ਹਨ | ਇਸ ਦੇ ਨਾਲ ਹੀ ਪੁਲਿਸ ਨੇ ਉਸ ਵਿਅਕਤੀ, ਜਿਸ ਦਾ ਨਾਂਅ ਸ਼ਸ਼ੀ ਕਾਂਤ ਮਛਿੰਦਰ ਹੈ | ਉਸ ਨੂੰ ਚੋਰੀ ਦਾ ਸਾਮਾਨ ਖ੍ਰੀਦਣ ਪ੍ਰਤੀ ਫੜਿਆ ਹੈ | ਲਕਸ਼ਮੀ ਨਗਰ ਦੇ ਇਲਾਕੇ ਵਿਚੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਬਿਨਾਂ ਨੰਬਰ ਦੀ ਸਕੂਟਰੀ 'ਤੇ ਸਵਾਰ ਦੋ ਵਿਅਕਤੀ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ ਹਨ | ਪੁਲਿਸ ਨੇ ਕਾਰਵਾਈ ਕਰਦੇ ਹੋਏ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਵੇਖੀ ਅਤੇ ਨਾਲ ਹੀ ਖੁਫ਼ੀਆ ਜਾਣਕਾਰੀ ਇਕੱਠੀ ਕੀਤੀ | ਪੁਲਿਸ ਨੇ ਸਾਰੇ ਸਬੂਤ ਇਕੱਠੇ ਕਰਕੇ ਅਖੀਰ ਝਪਟਮਾਰਾਂ ਕੋਲ ਪੁੱਜ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ | ਝਪਟਮਾਰਾਂ ਨੇ ਪੁਲਿਸ ਨੂੰ ਸਾਰੀ ਕਹਾਣੀ ਦੱਸੀ ਜਿਸ ਦੇ ਆਧਾਰ 'ਤੇ ਪੁਲਿਸ ਨੇ ਸੋਨੇ ਦੀ ਚੇਨ ਖਰੀਦਣ ਵਾਲੇ ਸ਼ਸ਼ੀ ਕਾਂਤ ਮਛਿੰਦਰ ਨੂੰ ਫੜ ਕੇ ਸੋਨੇ ਦੀ ਚੇਨ ਬਰਾਮਦ ਕਰ ਲਈ | ਇਨ੍ਹਾਂ ਝਪਟਮਾਰਾਂ ਵਿਚੋਂ ਦੇਵ ਉਰਫ ਤਰੁਣ 'ਤੇ ਪਹਿਲਾਂ ਹੀ ਅਜਿਹੇ ਦੋ ਮਾਮਲੇ ਦਰਜ ਹਨ | ਪੁਲਿਸ ਇਨ੍ਹਾਂ ਤੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ |