ਨਵੀਂ ਦਿੱਲੀ, 18 ਜੂਨ (ਜਗਤਾਰ ਸਿੰਘ)-ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖ ਪੰਥ ਵਿਚ ਗੁਰੂ ਸਾਹਿਬਾਨ, ਜਰਨੈਲਾਂ ਤੇ ਸਿੱਖ ਸ਼ਰਧਾਲੂਆਂ ਨੇ ਸ਼ਹਾਦਤਾਂ ਦਿੱਤੀਆਂ ਪਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੂੰ ਇਸ ਕਰ ਕੇ ਕਿਹਾ ਜਾਂਦਾ ਹੈ ਕਿਉਂਕਿ ਇਥੋਂ ਹੀ ਸ਼ਹੀਦੀਆਂ ਦੇਣ ਦੀ ਸ਼ੁਰੂਆਤ ਹੋਈ। ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਰਵਾਏ ਇਸ ਸਮਾਗਮ ਦੌਰਾਨ ਕਾਲਕਾ ਤੇ ਕਾਹਲੋਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗ੍ਰੰਥ ਜੀ ਦੀ ਸੰਪਾਦਨਾ ਕੀਤੀ, ਜਿਸ ’ਚ ਚਾਰ ਗੁਰੂ ਸਾਹਿਬਾਨ ਅਤੇ ਭੱਟਾਂ ਤੇ ਭਗਤਾਂ ਦੀ ਬਾਣੀ ਸ਼ਾਮਲ ਕੀਤੀ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਅੱਵਲ ਅੱਲ੍ਹਾ ਨੂਰ ਉਪਾਇਆ ਦਾ ਉਪਦੇਸ਼ ਦਿੱਤਾ ਤੇ ਸਾਨੂੰ ਸਭ ਨੂੰ ਬਰਾਬਰ ਸਮਝਣ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ’ਤੇ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਘਰਾਂ ਵਿਚ ਸਹਿਜ ਪਾਠਾਂ ਦੀ ਲੜੀ ਲਗਾਤਾਰ ਚਲਾਵਾਂਗੇ। ਉਨ੍ਹਾਂ ਨੇ 20 ਤੇ 21 ਜੂਨ ਨੂੰ ਹੋਣ ਵਾਲੇ ਗੁਰਮਤਿ ਕੈਂਪਾਂ ਦੇ ਸਮਾਪਤੀ ਸਮਾਗਮ ਵਿਚ ਸੰਗਤਾਂ ਨੂੰ ਹਾਜ਼ਰੀ ਭਰਨ ਦੀ ਅਪੀਲ ਕੀਤੀ ।