ਕਰਨਾਲ, 29 ਜੂਨ (ਗੁਰਮੀਤ ਸਿੰਘ ਸੱਗੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਬੀਬੀ ਅਮਰਜੀਤ ਕੌਰ ਬਾੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਦੇ ਸਹਿਯੋਗ ਨਾਲ ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਵਲੋਂ ਗੁਰਦੁਆਰਾ ਕਲਗੀਧਰ ਸਾਹਿਬ ਪਾਤਿਸ਼ਾਹੀ ਦਸਵੀਂ ਪਿੰਡ ਅਹਿਰਵਾਂ ਤਹਿਸੀਲ ਰਤੀਆ ਜ਼ਿਲ੍ਹਾ ਫ਼ਤਿਹਾਬਾਦ ’ਚ ਲਗਾਇਆ ਗਿਆ ਗੁਰਮਤਿ ਸਿਖਲਾਈ ਕੈਂਪ ਅੱਜ 29 ਜੂਨ ਨੂੰ ਸਮਾਪਤ ਹੋ ਗਿਆ। ਇਸ ਜਾਣਕਾਰੀ ਦਿੰਦਿਆਂ ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ’ਚ ਭਾਈ ਮਨਿੰਦਰਜੀਤ ਸਿੰਘ ਇਨਾਂਖੇੜਾ ਪ੍ਰਚਾਰਕ ਵਲੋਂ ਬੱਚਿਆਂ ਨੂੰ ਗੁਰਮੁਖੀ, ਗੁਰਬਾਣੀ, ਸਿੱਖ ਇਤਿਹਾਸ ਸਮੇਤ ਗੁਰਮੁਖੀ ਸਿਖਾਈ ਗਈ ਅਤੇ ਸੁੰਦਰ ਲੇਖ ਮੁਕਾਬਲੇ ਕਰਵਾਏ ਗਏ। ਇਸ ਗੁਰਮਤਿ ਕੈਂਪ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇੰਚਾਰਜ ਨੇ ਸਹਿਯੋਗ ਦੇਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੂਨ ਦੀਆਂ ਛੁੱਟੀਆਂ ਵਿਚ ਲਗਾਏ ਜਾਂਦੇ ਗੁਰਮਤਿ ਸਿਖਲਾਈ ਕੈਂਪ ਆਪਣੇ ਬੱਚਿਆਂ ਨੂੰ ਗੁਰਮਤਿ ਸਿਧਾਂਤਾਂ ਨਾਲ ਜੋੜਨ ਦਾ ਇਕ ਜ਼ਰੀਆ ਹੈ। ਇਸ ਨਾਲ ਬੱਚੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਦੇ ਹਨ ਅਤੇ ਆਪਣੇ ਅਣਮੁੱਲੇ ਵਿਰਸੇ ਤੋਂ ਜਾਣੂ ਹੁੰਦੇ ਹਨ ਅਤੇ ਇਸਨੂੰ ਅੱਗੇ ਵਧਾਉਂਦੇ ਹਨ। ਇਸ ਮੌਕੇ ਹਰਪਾਲ ਸਿੰਘ ਅਹਿਰਵਾਂ ਸੀਨੀਅਰ ਮੀਤ ਪ੍ਰਧਾਨ ਹਰਿਆਣਾ ਸਿੱਖ ਪੰਥਕ ਦਲ, ਬਲਵਿੰਦਰ ਸਿੰਘ ਪ੍ਰਧਾਨ, ਗੁਰਮੀਤ ਸਿੰਘ ਸੈਕਟਰੀ, ਦਰਸ਼ਨ ਸਿੰਘ ਖਜਾਨਚੀ, ਬਲਕਾਰ ਸਿੰਘ, ਕਸ਼ਮੀਰ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਨਾਨਕਸਰ ਸਾਹਿਬ ਅਹਿਰਵਾਂ, ਗੁਰਵੰਤ ਸਿੰਘ, ਹਰਜਿੰਦਰ ਸਿੰਘ ਔਲਖ, ਬਾਬਾ ਮਾਨ ਸਿੰਘ ਗ੍ਰੰਥੀ ਸਿੰਘ, ਜਸਬੀਰ ਸਿੰਘ, ਮਲਕੀਤ ਸਿੰਘ, ਸ਼ੇਰ ਸਿੰਘ ਅਜਰਾਣਾ ਆਦਿ ਹਾਜ਼ਰ ਸਨ।