ਯਮੁਨਾਨਗਰ, 4 ਜੁਲਾਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ-ਕਮ-ਸੀ. ਜੇ. ਐਮ. ਸੁਮਿੱਤਰਾ ਕਾਦੀਆਂ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵਲੋਂ 21, 22 ਤੇ 23 ਅਗਸਤ ਨੂੰ ਵਿਸ਼ੇਸ਼ ਲੋਕ ਅਦਾਲਤ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਮਾਣਯੋਗ ਸੁਪਰੀਮ ਕੋਰਟ ਦੇ ਸਾਹਮਣੇ ਆਪਣੇ ਲੰਬਿਤ ਕੇਸ ਦਾ ਨਿਪਟਾਰਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਵਿਸ਼ੇਸ਼ ਲੋਕ ਅਦਾਲਤ ‘ਚ ਆਪਣਾ ਕੇਸ ਸੂਚੀਬੱਧ ਕਰਵਾਉਣ ਲਈ ਨਜ਼ਦੀਕੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਨਿਪਟਾਰਾ ਸਮਾਰੋਹ ‘ਚ ਚੈੱਕਾਂ ਨਾਲ ਸੰਬੰਧਿਤ ਕੇਸ (ਐਨ. ਆਈ. ਐਕਟ), ਪੈਸੇ ਦੀ ਵਸੂਲੀ ਦੇ ਕੇਸ, ਅਪਰਾਧਿਕ ਮਾਮਲੇ, ਜਿਨ੍ਹਾਂ ਦਾ ਕਾਨੂੰਨੀ ਤੌਰ ‘ਤੇ ਨਿਪਟਾਰਾ ਕੀਤਾ ਜਾ ਸਕਦਾ ਹੈ, ਦੁਰਘਟਨਾ ਦਾਅਵੇ ਦੇ ਕੇਸ (ਐਮ. ਏ. ਸੀ. ਟੀ.), ਕਿਰਤ ਅਤੇ ਰੁਜ਼ਗਾਰ ਨਾਲ ਸੰਬੰਧਿਤ ਵਿਵਾਦ, ਪਰਿਵਾਰਕ ਵਿਵਾਦ ਦੇ ਮਾਮਲੇ, ਕਿਰਾਏ ਨਾਲ ਸੰਬੰਧਿਤ ਮਾਮਲੇ, ਤਬਾਦਲਾ ਪਟੀਸ਼ਨਾਂ (ਸਿਵਲ ਅਤੇ ਅਪਰਾਧਿਕ), ਰੱਖ-ਰਖਾਅ ਨਾਲ ਸੰਬੰਧਿਤ ਮਾਮਲੇ, ਜ਼ਮੀਨ ਪ੍ਰਾਪਤੀ ਤੇ ਜ਼ਮੀਨ ਵਿਵਾਦ ਦੇ ਮਾਮਲੇ, ਸੇਵਾ ਨਾਲ ਸੰਬੰਧਿਤ ਮਾਮਲੇ ਤੇ ਮਾਲੀਆ ਮਾਮਲੇ ਆਦਿ ਵਿਚਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਵਕੀਲ ਅਤੇ ਮੁਕੱਦਮੇਬਾਜ਼ ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵੈੱਬਸਾਈਟ ‘ਤੇ ਹਰਿਆਣਾ ਦੇ ਅਧਿਕਾਰ ਖੇਤਰ ‘ਚ ਪੈਂਦੇ ਰੈਫ਼ਰ ਕੀਤੇ ਕੇਸਾਂ ਦੀ ਸੂਚੀ ਦੇਖ ਸਕਦੇ ਹਨ। ਉਨ੍ਹਾਂ ਕਿ ਜੇਕਰ ਕਿਸੇ ਵਿਅਕਤੀ ਦਾ ਕੇਸ ਪਹਿਲਾਂ ਤੋਂ ਰੈਫ਼ਰ ਕੀਤੇ ਕੇਸਾਂ ‘ਚ ਸ਼ਾਮਿਲ ਨਹੀਂ ਹੈ ਤਾਂ ਉਹ ਵੈੱਬਸਾਈਟ https://www.sci.gov.in ‘ਤੇ ਉਪਲੱਬਧ ਗੂਗਲ ਫਾਰਮ ਰਾਹੀਂ ਵੇਰਵੇ ਜਮ੍ਹਾਂ ਕਰਵਾ ਕੇ ਆਪਣਾ ਕੇਸ ਰੈਫ਼ਰ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੁਪਰੀਮ ਕੋਰਟ ਆਫ਼ ਇੰਡੀਆ ਦੇ ਟੈਲੀਫੋਨ ਨੰਬਰਾਂ 011-23116464, 011-23116465, 011-23115652, ਵਨ ਸਟਾਪ ਸੈਂਟਰ (ਕਮਰਾ ਨੰ. 806 ਅਤੇ 808 ਬੀ ਬਲਾਕ ਐਡੀਸ਼ਨਲ ਬਿਲਡਿੰਗ ਕੰਪਲੈਕਸ ਸੁਪਰੀਮ ਕੋਰਟ), ਲੈਂਡਲਾਈਨ ਨੰਬਰ 011-23116464 ਅਤੇ ਈ. ਮੇਲ ਆਈ. ਡੀ. speciallokadalat2026@sci.nic.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।